ਗੈਰਕਾਨੂੰਨੀ ਖਣਨ ਰੌਕਣ ਵਾਲੀ ਮਹਿਲਾ ਆਈਪੀਐੱਸ ਅਧਿਕਾਰੀ ਨੂੰ ਉੱਪ ਮੁੱਖ ਮੰਤਰੀ ਨੇ ਧਮਕਾਇਆ, ਵੀਡੀਓ ਵਾਇਰਲ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਜੀਤ ਪਵਾਰ ਇੱਕ ਵੀਡੀਓ ਦੇ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਤੂਫਾਨ ਦੇ ਘੇਰੇ ਵਿੱਚ ਆ ਗਏ ਹਨ। ਉਕਤ ਵੀਡੀਓ ਵਿੱਚ ਜਿਸ ਵਿੱਚ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਇੱਕ ਮਹਿਲਾ ਆਈਪੀਐੱਸ ਅਧਿਕਾਰੀ 'ਤੇ ਗ਼ੈਰ-ਕਾਨੂੰਨੀ ਖਣਨ ਵਿਰੁੱਧ ਕਾਰਵਾਈ ਰੋਕਣ ਲਈ ਦਬਾਅ ਪਾਉਂਦੇ ਦਿਖਾਇਆ ਗਿਆ ਹੈ।
ਇਹ ਵੀਡੀਓ ਕਰਮਾਲਾ ਤਾਲੁਕਾ ਦੀ ਉਪ-ਮੰਡਲ ਪੁਲੀਸ ਅਧਿਕਾਰੀ ਅੰਜਨਾ ਕ੍ਰਿਸ਼ਨਾ ਨਾਲ ਪਵਾਰ ਦੀ ਫੋਨ ’ਤੇ ਗੱਲਬਾਤ ਦੀ ਹੈ, ਜਦੋਂ ਉਹ ਕੁਰਦੂ ਪਿੰਡ ਵਿੱਚ ਗ਼ੈਰ-ਕਾਨੂੰਨੀ 'ਮੁਰੱਮ' (ਲਾਲ ਮਿੱਟੀ) ਦੀ ਖੁਦਾਈ ਵਿਰੁੱਧ ਕਾਰਵਾਈ ਕਰ ਰਹੀ ਸੀ।
ਕ੍ਰਿਸ਼ਨਾ ਨੇ ਗ਼ੈਰ-ਕਾਨੂੰਨੀ ਖੁਦਾਈ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਲਈ ਇੱਕ ਟੀਮ ਦੀ ਅਗਵਾਈ ਕੀਤੀ - 'ਮੁਰੱਮ' ਇੱਕ ਅਜਿਹੀ ਸਮੱਗਰੀ ਹੈ ਜੋ ਆਮ ਤੌਰ 'ਤੇ ਸੜਕ ਨਿਰਮਾਣ ਵਿੱਚ ਵਰਤੀ ਜਾਂਦੀ ਹੈ। ਜਿਵੇਂ ਹੀ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਵਿਚਕਾਰ ਤਣਾਅ ਵਧਿਆ, ਸਥਾਨਕ ਐੱਨਸੀਪੀ ਵਰਕਰਾਂ, ਜਿਨ੍ਹਾਂ ਵਿੱਚ ਬਾਬਾ ਜਗਤਾਪ ਵੀ ਸ਼ਾਮਲ ਸਨ, ਨੇ ਦਖ਼ਲ ਦਿੱਤਾ। ਵੀਡੀਓ ਵਿੱਚ ਜਗਤਾਪ ਨੂੰ ਪਵਾਰ ਨਾਲ ਸਿੱਧਾ ਸੰਪਰਕ ਕਰਨ ਤੋਂ ਬਾਅਦ ਅਧਿਕਾਰੀ ਨੂੰ ਆਪਣਾ ਫ਼ੋਨ ਦਿੰਦੇ ਦੇਖਿਆ ਗਿਆ।
ਕਲਿੱਪ ਵਿੱਚ ਪਵਾਰ ਉਸ ਅਧਿਕਾਰੀ ਤੋਂ ਨਾਰਾਜ਼ ਦਿਖਾਈ ਦਿੱਤੇ, ਜਿਸ ਨੇ ਕਾਲ ’ਤੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹੋਣ 'ਤੇ ਉਨ੍ਹਾਂ ਨੂੰ ਸਿੱਧਾ ਕਾਲ ਕਰਨ ਲਈ ਕਿਹਾ।
ਕ੍ਰਿਸ਼ਨਾ ਨੇ ਪੁੱਛਿਆ, “ਮੈਂ ਸਮਝ ਸਕਦੀ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ, ਪਰ ਮੈਂ ਇਹ ਪਤਾ ਲਗਾਉਣ ਵਿੱਚ ਅਸਮਰੱਥ ਹਾਂ ਕਿ ਕੀ ਮੈਂ ਉਪ ਮੁੱਖ ਮੰਤਰੀ ਨਾਲ ਗੱਲ ਕਰ ਰਹੀ ਹਾਂ। ਕੀ ਤੁਸੀਂ ਕਿਰਪਾ ਕਰਕੇ ਮੈਨੂੰ ਸਿੱਧੇ ਮੇਰੇ ਨੰਬਰ 'ਤੇ ਕਾਲ ਕਰ ਸਕਦੇ ਹੋ?” ਪਵਾਰ ਨੇ ਜਵਾਬ ਦਿੱਤਾ, “ਇਕ ਮਿੰਟ, ਮੈਂ ਤੇਰੇ ਉੱਪਰ ਐਕਸ਼ਨ ਲਵਾਂਗਾ। ਤੁਹਾਂਨੂੰ ਐਨਾ ਹੌਂਸਲਾ ਹੈ?”
ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਇੱਕ ਵੀਡੀਓ ਕਾਲ ਕੀਤੀ ਅਤੇ ਅਧਿਕਾਰੀ ਨੂੰ ਕਾਰਵਾਈ ਰੋਕਣ ਦਾ ਨਿਰਦੇਸ਼ ਦਿੰਦੇ ਦੇਖਿਆ ਗਿਆ। ਜਵਾਬ ਵਿੱਚ, ਕ੍ਰਿਸ਼ਨਾ ਨੇ ਕਿਹਾ ਕਿ ਉਸਨੇ ਉਨ੍ਹਾਂ ਦੀ ਆਵਾਜ਼ ਨਹੀਂ ਪਛਾਣੀ ਸੀ।
ਐੱਨਸੀਪੀ ਨੇ ਪਵਾਰ ਦਾ ਬਚਾਅ ਕੀਤਾ
ਐੱਨਸੀਪੀ ਨੇ ਗੱਲਬਾਤ ਨੂੰ "ਗ਼ਲਤ ਵਿਆਖਿਆ" ਕਰਾਰ ਦਿੱਤਾ ਹੈ। ਐੱਨਸੀਪੀ ਦੇ ਸੂਬਾ ਪ੍ਰਧਾਨ ਸੁਨੀਲ ਤਟਕਰੇ ਨੇ ਕਿਹਾ, “ਅਜੀਤ ਦਾਦਾ ਨੇ ਪਾਰਟੀ ਵਰਕਰਾਂ ਨੂੰ ਸ਼ਾਂਤ ਕਰਨ ਲਈ ਅਧਿਕਾਰੀ ਨੂੰ ਝਿੜਕਿਆ ਹੋ ਸਕਦਾ ਹੈ। ਉਨ੍ਹਾਂ ਦਾ ਇਰਾਦਾ ਕਾਰਵਾਈ ਨੂੰ ਪੂਰੀ ਤਰ੍ਹਾਂ ਰੋਕਣਾ ਨਹੀਂ ਸੀ।’’
ਇਸ ਦੌਰਾਨ ਕੋਈ ਪੁਲੀਸ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਅਤੇ ਸ਼ਾਮਲ ਸਾਰੇ ਅਧਿਕਾਰੀਆਂ, ਜਿਨ੍ਹਾਂ ਵਿੱਚ ਤਹਿਸੀਲਦਾਰ ਅਤੇ ਉਪ-ਮੰਡਲ ਅਧਿਕਾਰੀ ਸ਼ਾਮਲ ਹਨ, ਨੇ ਚੱਲ ਰਹੀ ਅੰਦਰੂਨੀ ਜਾਂਚ ਦਾ ਹਵਾਲਾ ਦਿੰਦੇ ਹੋਏ ਚੁੱਪੀ ਸਾਧ ਰੱਖੀ ਹੈ।