ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਜੇ ਦੇਸ਼ਾਂ ’ਤੇ ਨਿਰਭਰਤਾ, ਭਾਰਤ ਦੀ ਮੁੱਖ ਦੁਸ਼ਮਣ: ਮੋਦੀ

‘ਚਿੱਪ ਅਤੇ ਸ਼ਿੱਪ’ ਭਾਰਤ ਵਿੱਚ ਹੀ ਬਣਾਉਣ ’ਤੇ ਦਿੱਤਾ ਜ਼ੋਰ; ਪ੍ਰਧਾਨ ਮੰਤਰੀ ਵੱਲੋਂ ਬਹੁ ਕਰੋਡ਼ੀ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ
ਭਾਵਨਗਰ ਵਿੱਚ ਪ੍ਰਦਰਸ਼ਨੀ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਮੁੱਖ ਦੁਸ਼ਮਣ ਦੂਜੇ ਦੇਸ਼ਾਂ ’ਤੇ ਉਸ ਦੀ ਨਿਰਭਰਤਾ ਹੈ। ਉਨ੍ਹਾਂ ਆਤਮ-ਨਿਰਭਰਤਾ ਦੇ ਬੁਨਿਆਦੀ ਸਿਧਾਂਤ ’ਤੇ ਜ਼ੋਰ ਦਿੰਦਿਆਂ ਕਿਹਾ, ‘ਚਾਹੇ ਚਿੱਪ ਹੋਣ ਜਾਂ ਸ਼ਿੱਪ (ਸਮੁੰਦਰੀ ਜਹਾਜ਼) ਸਾਨੂੰ ਭਾਰਤ ਵਿੱਚ ਹੀ ਬਣਾਉਣੇ ਪੈਣਗੇ।’ ਉਹ ਗੁਜਰਾਤ ਦੇ ਭਾਵਨਗਰ ਦੇ ਗਾਂਧੀ ਮੈਦਾਨ ਵਿੱਚ ‘ਸਮੁੰਦਰ ਸੇ ਸਮ੍ਰਿਧੀ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਕੁੱਲ 34,200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਿਰਫ਼ ਇੱਕ ਹੀ ਹੱਲ ਹੈ ਅਤੇ ਉਹ ਹੈ ਆਤਮ-ਨਿਰਭਰਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਆਲਮੀ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵੱਧ ਰਿਹਾ ਹੈ ਅਤੇ ਅੱਜ ਦੁਨੀਆ ਵਿੱਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਹੈ, ਪਰ ਅਸਲ ਵਿੱਚ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੂਜੇ ਦੇਸ਼ਾਂ ’ਤੇ ਨਿਰਭਰਤਾ ਹੈ।’ ਉਨ੍ਹਾਂ ਕਿਹਾ, ‘140 ਕਰੋੜ ਭਾਰਤੀਆਂ ਦਾ ਭਵਿੱਖ ਬਾਹਰੀ ਤਾਕਤਾਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ ਅਤੇ ਨਾ ਹੀ ਕੌਮੀ ਵਿਕਾਸ ਦਾ ਸੰਕਲਪ ਵਿਦੇਸ਼ੀ ਨਿਰਭਰਤਾ ’ਤੇ ਆਧਾਰਤ ਹੋ ਸਕਦਾ ਹੈ।’

Advertisement

ਭਾਰਤ ਦੇ ਸ਼ਿਪਿੰਗ ਖੇਤਰ ਨੂੰ ਗਲਤ ਨੀਤੀਆਂ ਕਾਰਨ ਹੋਏ ਨੁਕਸਾਨ ਦੀ ਵੱਡੀ ਉਦਾਹਰਣ ਦਿੰਦਿਆਂ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕਦੇ ਬਹੁਤ ਵੱਡਾ ਜਹਾਜ਼-ਨਿਰਮਾਣ ਉਦਯੋਗ ਸੀ। ਉਨ੍ਹਾਂ ਕਿਹਾ, ‘ਭਾਰਤ ਦੇ ਤਟਵਰਤੀ ਰਾਜਾਂ ਵਿੱਚ ਬਣੇ ਜਹਾਜ਼ ਕਦੇ ਘਰੇਲੂ ਅਤੇ ਵਿਸ਼ਵ-ਵਿਆਪੀ ਵਪਾਰ ਨੂੰ ਸ਼ਕਤੀ ਦਿੰਦੇ ਸਨ। 50 ਸਾਲ ਪਹਿਲਾਂ ਵੀ ਭਾਰਤ ਘਰੇਲੂ ਤੌਰ ’ਤੇ ਬਣੇ ਜਹਾਜ਼ਾਂ ਦੀ ਵਰਤੋਂ ਕਰਦਾ ਸੀ ਅਤੇ ਇਸ ਦਾ 40 ਫੀਸਦ ਤੋਂ ਵੱਧ ਦਰਾਮਦ-ਬਰਾਮਦ ਇਨ੍ਹਾਂ ਰਾਹੀਂ ਹੁੰਦਾ ਸੀ। ਪਰ ਹੁਣ ਇਹ ਘਟ ਕੇ ਸਿਰਫ਼ 5 ਫੀਸਦੀ ਰਹਿ ਗਿਆ ਹੈ।’

ਉਨ੍ਹਾਂ ਨੇ ਸਮੁੰਦਰੀ ਖੇਤਰ ਨਾਲ ਸਬੰਧਤ 7,870 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਗੁਜਰਾਤ ਦੇ ਵੱਖ-ਵੱਖ ਖੇਤਰਾਂ ਲਈ 26,354 ਕਰੋੜ ਰੁਪਏ ਤੋਂ ਵੱਧ ਦੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ ਦਾ ਹਵਾਈ ਸਰਵੇਖਣ ਵੀ ਕੀਤਾ। ਇਸ ਦੌਰਾਨ ਉਨ੍ਹਾਂ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਅਵਾਡਾ ਗਰੁੱਪ ਦੇ 1,600 ਕਰੋੜ ਰੁਪਏ ਦੇ ਸੋਲਰ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਵਡੋਦਰਾ ਵਿੱਚ 100 ਮੈਗਾਵਾਟ ਦੇ ਨਵੇਂ ਸੋਲਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।

ਕਾਂਗਰਸ ’ਤੇ ਸੇਧਿਆ ਨਿਸ਼ਾਨਾ

ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤਤਕਾਲੀ ਸੱਤਾਧਾਰੀ ਪਾਰਟੀ ਨੇ ‘ਲਾਇਸੈਂਸ ਰਾਜ’ ਲਿਆ ਕੇ ਨੌਜਵਾਨਾਂ ਦਾ ਹੁਨਰ ਦਬਾ ਦਿੱਤਾ। ਉਨ੍ਹਾਂ ਕਿਹਾ, ‘ਭਾਰਤ ਦੀਆਂ ਅੰਦਰੂਨੀ ਸ਼ਕਤੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਨਤੀਜੇ ਵਜੋਂ ਦੇਸ਼ ਆਜ਼ਾਦੀ ਦੇ ਛੇ-ਸੱਤ ਦਹਾਕਿਆਂ ਬਾਅਦ ਵੀ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ, ਜਿਸ ਦਾ ਉਹ ਅਸਲ ਵਿੱਚ ਹੱਕਦਾਰ ਸੀ।’ ਉਨ੍ਹਾਂ ਨੇ ‘ਲਾਇਸੈਂਸ-ਕੋਟਾ ਸ਼ਾਸਨ ਵਿੱਚ ਲੰਬੇ ਸਮੇਂ ਤੱਕ ਉਲਝੇ ਰਹਿਣ ਅਤੇ ਆਲਮੀ ਬਾਜ਼ਾਰਾਂ ਤੋਂ ਅਲੱਗ-ਥਲੱਗ ਰਹਿਣ’ ਨੂੰ ਇਸ ਦਾ ਮੁੱਖ ਕਾਰਨ ਦੱਸਿਆ। ਮੋਦੀ ਨੇ ਕਿਹਾ ਕਿ ਜਦੋਂ ਵਿਸ਼ਵੀਕਰਨ ਦਾ ਯੁੱਗ ਸ਼ੁਰੂ ਹੋਇਆ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਸਿਰਫ਼ ਦਰਾਮਦਾਂ ’ਤੇ ਧਿਆਨ ਕੇਂਦਰਿਤ ਕੀਤਾ, ਜਿਸ ਕਾਰਨ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਹੋਏ।

Advertisement
Show comments