ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰੋਧੀ ਧਿਰ ਦੇ ਆਗੂਆਂ ਵੱਲੋਂ ‘ਅਡਾਨੀ’ ਮੁੱਦੇ ’ਤੇ ਸੰਸਦ ’ਚ ਪ੍ਰਦਰਸ਼ਨ

ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਅਤੇ ਮੂੰਹ ’ਤੇ ਮਾਸਕ ਪਹਿਨ ਕੇ ਰੋਸ ਪ੍ਰਗਟਾਇਆ
ਸੰਸਦ ਕੰਪਲੈਕਸ ਵਿੱਚ ਹੱਥ ’ਚ ਸੰਵਿਧਾਨ ਦੀ ਕਾਪੀ ਫੜ ਕੇ ਅਤੇ ਮੂੰਹ ’ਤੇ ਮਾਸਕ ਪਹਿਨ ਕੇ ਪ੍ਰਦਰਸ਼ਨ ਕਰਦੇ ਹੋਏ ਪ੍ਰਿਯੰਕ ਗਾਂਧੀ ਵਾਡਰਾ, ਰਾਹੁਲ ਗਾਂਧੀ ਤੇ ਹੋਰ। -ਫੋਟੋ: ਏਐੱਨਆਈ
Advertisement

* ਕਾਂਗਰਸ, ਰਾਸ਼ਟਰੀ ਜਨਤਾ ਦਲ, ਝਾਰਖੰਡ ਮੁਕਤੀ ਮੋਰਚਾ ਦੇ ਸੰਸਦ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ

* ਆਗੂਆਂ ਨੇ ‘ਮੋਦੀ ਅਡਾਨੀ ਭਾਈ ਭਾਈ’ ਦੇ ਲਗਾਏ ਨਾਅਰੇ

Advertisement

ਨਵੀਂ ਦਿੱਲੀ, 6 ਦਸੰਬਰ

ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਕਈ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਡਾਨੀ ਸਮੂਹ ਨਾਲ ਜੁੜੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤਾ, ਜਿਸ ਦੀ ਅਗਵਾਈ ਕਾਂਗਰਸ ਨੇ ਕੀਤੀ। ਕਾਂਗਰਸ, ਰਾਸ਼ਟਰੀ ਜਨਤਾ ਦਲ, ਝਾਰਖੰਡ ਮੁਕਤੀ ਮੋਰਚਾ ਦੇ ਸੰਸਦ ਮੈਂਬਰਾਂ ਨੇ ਮੂੰਹ ’ਤੇ ਮਾਸਕ ਪਹਿਨੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਸੀ, ‘‘ਮੋਦੀ ਅਡਾਨੀ ਭਾਈ ਭਾਈ’। ਇਸ ਦੌਰਾਨ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੇ ਹੱਥ ਵਿੱਚ ਸੰਵਿਧਾਨ ਦੀਆਂ ਕਾਪੀਆਂ ਫੜੀਆਂ ਹੋਈਆਂ ਸਨ ਅਤੇ ਉਹ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਨਾਅਰੇ ਲਗਾ ਰਹੇ ਸਨ। ਇਸ ਮੌਕੇ ਕੀਤੇ ਗਏ ਰੋਸ ਮਾਰਚ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਤੇ ਵਾਇਨਾਡ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸ਼ਾਮਲ ਸੀ। ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਅੱਜ ਵੀ ਇਸ ਵਿਰੋਧ ਪ੍ਰਦਰਸ਼ਨ ਤੋਂ ਦੂਰੀ ਬਣਾ ਕੇ ਰੱਖੀ। -ਪੀਟੀਆਈ

ਪਾਤਰਾ ਖ਼ਿਲਾਫ਼ ਮਰਿਆਦਾ ਦੀ ਉਲੰਘਣਾ ਦਾ ਨੋਟਿਸ

ਨਵੀਂ ਦਿੱਲੀ:

ਕਾਂਗਰਸ ਮੈਂਬਰ ਹਿਬੀ ਈਡਨ ਨੇ ਭਾਜਪਾ ਆਗੂ ਸੰਬਿਤ ਪਾਤਰਾ ਵੱਲੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਅਪਮਾਨਜਨਕ ਅਤੇ ਗੈਰ-ਸੰਸਦੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਮਰਿਆਦਾ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਈਡੇਨ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ’ਚ ਕਿਹਾ ਕਿ ਪਾਤਰਾ ਨੇ ਸੰਵਿਧਾਨਕ ਨੇਮਾਂ ਦੀ ਉਲੰਘਣਾ ਕੀਤੀ ਹੈ। ਪਾਤਰਾ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ’ਤੇ ਵਿਦੇਸ਼ੀ ਨਿਵੇਸ਼ਕ ਜੌਰਜ ਸੋਰੋਸ ਅਤੇ ਅਮਰੀਕਾ ਆਧਾਰਿਤ ਕੁਝ ਏਜੰਸੀਆਂ ਨਾਲ ਗੰਢ-ਤੁੱਪ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ‘ਸਭ ਤੋਂ ਵੱਡਾ ਦੇਸ਼ਧ੍ਰੋਹੀ’ ਕਰਾਰ ਦਿੱਤਾ ਸੀ। ਬਿਰਲਾ ਨੂੰ ਲਿਖੇ ਪੱਤਰ ’ਚ ਈਡਨ ਨੇ ਕਿਹਾ ਕਿ ਜਿਸ ਆਗੂ ਦੇ ਪਰਿਵਾਰ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੋਣ, ਉਸ ਲਈ ਹੁਕਮਰਾਨ ਧਿਰ ਦੇ ਮੈਂਬਰ ਵੱਲੋਂ ਅਜਿਹੀ ਖਰ੍ਹਵੀਂ ਸ਼ਬਦਾਵਲੀ ਵਰਤਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਮਰਿਆਦਾ ਮਤੇ ’ਤੇ ਫੌਰੀ ਫ਼ੈਸਲਾ ਲੈ ਕੇ ਢੁੱਕਵੀਂ ਕਾਰਵਾਈ ਕਰਨ। -ਪੀਟੀਆਈ

ਮੋਦੀ ਜੀ ਸੰਸਦ ’ਚ ਆਓ, ਅਡਾਨੀ ’ਤੇ ਜਾਂਚ ਤੋਂ ਨਾ ਘਬਰਾਓ: ਰਾਹੁਲ

ਨਵੀਂ ਦਿੱਲੀ:

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਹ ਸੰਸਦ ’ਚ ਆਉਣ ਅਤੇ ਅਡਾਨੀ ਦੀ ਜਾਂਚ ਅਤੇ ਚਰਚਾ ਕਰਾਉਣ ਤੋਂ ਨਾ ਡਰਨ। ਫੇਸਬੁੱਕ ’ਤੇ ਰਾਹੁਲ ਗਾਂਧੀ ਨੇ ਲਿਖਿਆ, ‘‘ਮੋਦੀ ਜੀ ਸੰਸਦ ’ਚ ਆਓ, ਅਡਾਨੀ ’ਤੇ ਜਾਂਚ ਤੋਂ ਨਾ ਘਬਰਾਓ।’ ਜ਼ਿਕਰਯੋਗ ਹੈ ਕਿ ਅਡਾਨੀ ਖ਼ਿਲਾਫ਼ ਅਮਰੀਕਾ ’ਚ ਲੱਗੇ ਦੋਸ਼ਾਂ ਮਗਰੋਂ ਕਾਂਗਰਸ ਸਮੇਤ ਹੋਰ ਕਈ ਵਿਰੋਧੀ ਧਿਰਾਂ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਇਸ ਮੁੱਦੇ ’ਤੇ ਸੰਸਦ ’ਚ ਚਰਚਾ ਕਰਾਉਣ ’ਤੇ ਜ਼ੋਰ ਪਾ ਰਹੀਆਂ ਹਨ। -ਪੀਟੀਆਈ

ਰਾਹੁਲ ਲਈ ਦੇਸ਼ ਤੋਂ ਵਧ ਕੇ ਕੁਝ ਵੀ ਨਹੀਂ: ਪ੍ਰਿਯੰਕਾ

ਨਵੀਂ ਦਿੱਲੀ:

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਲਈ ਦੇਸ਼ ਤੋਂ ਵਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਬਿਤ ਪਾਤਰਾ ਵਰਗੇ ਲੋਕਾਂ ਤੋਂ ਹੋਰ ਕੁਝ ਉਮੀਦ ਨਹੀਂ ਕੀਤੀ ਜਾ ਸਕਦੀ ਹੈ ਜੋ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਵੀ ਦੇਸ਼ਧ੍ਰੋਹੀ ਆਖਦੇ ਰਹੇ ਹਨ। ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ, ‘‘ਜਿਹੜੇ ਲੋਕ ਆਜ਼ਾਦੀ ਦੇ ਸੰਘਰਸ਼ ਦੌਰਾਨ 13 ਸਾਲ ਜੇਲ੍ਹ ’ਚ ਬੰਦ ਰਹਿਣ ਵਾਲੇ ਜਵਾਹਰਲਾਲ ਨਹਿਰੂ, ਪਾਕਿਸਤਾਨ ਦੇ ਟੋਟੇ ਕਰਨ ਵਾਲੀ ਇੰਦਰਾ ਗਾਂਧੀ ਅਤੇ ਦੇਸ਼ ਲਈ ਸ਼ਹੀਦ ਹੋਏ ਰਾਜੀਵ ਗਾਂਧੀ ਨੂੰ ਦੇਸ਼ਧ੍ਰੋਹੀ ਆਖ ਸਕਦੇ ਹਨ ਤਾਂ ਫਿਰ ਜੇ ਉਹ ਰਾਹੁਲ ਗਾਂਧੀ ਨੂੰ ਵੀ ਦੇਸ਼ਧ੍ਰੋਹੀ ਆਖ ਰਹੇ ਹਨ ਤਾਂ ਇਸ ’ਚ ਕੁਝ ਵੀ ਨਵਾਂ ਨਹੀਂ ਹੈ। ਮੈਨੂੰ ਆਪਣੇ ਭਰਾ ’ਤੇ ਮਾਣ ਹੈ ਜਿਸ ਲਈ ਦੇਸ਼ ਤੋਂ ਵਧ ਕੇ ਕੁਝ ਵੀ ਨਹੀਂ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ’ਚ ਅਡਾਨੀ ਮੁੱਦੇ ’ਤੇ ਸੰਸਦ ’ਚ ਚਰਚਾ ਕਰਾਉਣ ਦਾ ਦਮ ਨਹੀਂ ਹੈ। ਉਧਰ ਕਾਂਗਰਸ ਤਰਜਮਾਨ ਰਾਗਿਨੀ ਨਾਇਕ ਨੇ ਪਾਰਟੀ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ-ਆਰਐੱਸਐੱਸ ਤੋਂ ‘ਵੱਡਾ ਟੁੱਕੜੇ-ਟੁੱਕੜੇ ਗੈਂਗ’ ਦੇਸ਼ ’ਚ ਹੋਰ ਕੋਈ ਨਹੀਂ ਹੈ ਅਤੇ ਉਹ ਫਿਰਕੂਵਾਦ ਦਾ ਜ਼ਹਿਰ ਫੈਲਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਇੰਨੀ ਕਮਜ਼ੋਰ ਹੈ ਕਿ ਮੁਲਕ ਖ਼ਿਲਾਫ਼ ਕੋਈ ਵੀ ਕੌਮਾਂਤਰੀ ਸਾਜ਼ਿਸ਼ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਲੋਕਾਂ ਦੇ ਮੁੱਦੇ ਚੁੱਕਦੇ ਰਹੇ ਹਨ ਅਤੇ ਉਹ ਭਾਜਪਾ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਰਾਗਿਨੀ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਤਾਂ ਭਾਜਪਾ ਨੇ ਉਨ੍ਹਾਂ ਦੇ ਅੰਦੋਲਨ ਨੂੰ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਬਣਾ ਦਿੱਤਾ ਸੀ। ਇਸੇ ਤਰ੍ਹਾਂ ਸੋਨਮ ਵਾਂਗਚੁਕ ਜਦੋਂ ਆਪਣੀਆਂ ਮੰਗਾਂ ਲੈ ਕੇ ਲੱਦਾਖ ਤੋਂ ਸਾਥੀਆਂ ਨਾਲ ਦਿੱਲੀ ਆਏ ਤਾਂ ਉਹ ਵੀ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਬਣਾ ਦਿੱਤੇ ਗਏ ਸਨ। -ਪੀਟੀਆਈ

Advertisement