ਜਾਂਚ ਕਮਿਸ਼ਨ ’ਚ ਲੱਦਾਖ ਤੋਂ ਨੁਮਾਇੰਦਾ ਸ਼ਾਮਿਲ ਕਰਨ ਦੀ ਮੰਗ
ਮੌਨ ਮਾਰਚ ਅਸਫਲ ਕਰਨ ’ਤੇ ਪ੍ਰਸ਼ਾਸਨ ਦੀ ਆਲੋਚਨਾ
Advertisement
ਲੇਹ ਅਪੈਕਸ ਬਾਡੀ (ਐੱਲ ਏ ਬੀ) ਨੇ ਪਿਛਲੇ ਮਹੀਨੇ ਇੱਥੇ ਹੋਈਆਂ ਹਿੰਸਕ ਝੜਪਾਂ ਦੀ ਨਿਆਂਇਕ ਜਾਂਚ ਦੇ ਕੇਂਦਰ ਦੇ ਫ਼ੈਸਲੇ ਦਾ ਅੱਜ ਸਵਾਗਤ ਕੀਤਾ ਅਤੇ ਜਾਂਚ ਲਈ ਕਾਇਮ ਕਮਿਸ਼ਨ ’ਚ ਲੱਦਾਖ ਤੋਂ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਕੀਤੀ। ਜਥੇਬੰਦੀ ਨੇ ਅੱਜ ‘ਮੌਨ ਮਾਰਚ’ ਅਸਫਲ ਕਰਨ ਲਈ ਉਪ ਰਾਜਪਾਲ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਆਲੋਚਨਾ ਵੀ ਕੀਤੀ ਅਤੇ ਕਿਹਾ, ‘‘ਅਜਿਹੀਆਂ ਕਾਰਵਾਈਆਂ ਕਦੇ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀਆਂ ਜਾਂ ਸਾਨੂੰ ਕੇਂਦਰ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਰਾਜ਼ੀ ਨਹੀਂ ਕਰ ਸਕਦੀਆਂ।’’ ਕੇਂਦਰ ਨੇ ਲੇਹ ਵਿੱਚ 24 ਸਤੰਬਰ ਨੂੰ ਹੋਈਆਂ ਹਿੰਸਕ ਝੜਪਾਂ ਦੀ ਨਿਆਂਇਕ ਜਾਂਚ ਲਈ ਲੰਘੇ ਦਿਨ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇੇਠ ਤਿੰਨ ਮੈਂਬਰੀ ਕਮਿਸ਼ਨ ਦਾ ਐਲਾਨ ਕੀਤਾ ਸੀ। ਹਿੰਸਕ ਝੜਪਾਂ ’ਚ ਚਾਰ ਮੌਤਾਂ ਹੋਈਆਂ ਸਨ।ਐੱਲ ਏ ਬੀ ਦੇ ਸਹਿ-ਚੇਅਰਮੈਨ ਅਤੇ ਲੱਦਾਖ ਬੋਧੀ ਐਸੋਸੀਏਸ਼ਨ ਦੇ ਮੁਖੀ ਚੇਰਿੰਗ ਦੋਰਜੇ ਲਕਰੂਕ ਨੇ ਕਿਹਾ, ‘‘ਅਸੀਂ ਨਿਆਂਇਕ ਜਾਂਚ ਲਈ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਦਾ ਸਵਾਗਤ ਕਰਦੇ ਹਾਂ ਪਰ ਸਾਨੂੰ ਐੱਫ ਆਈ ਆਰ ਨੰਬਰ 144 ਦੇ ਸਬੰਧ ’ਚ ਕੁਝ ਖਾਮੀਆਂ ਮਿਲੀਆਂ ਹਨ। ਅਜਿਹਾ ਲੱਗ ਰਿਹਾ ਹੈ ਕਿ ਜਾਂਚ ਸਾਡੇ ਜਵਾਨਾਂ ਵਿਰੁੱਧ ਹੈ ਅਤੇ ਦੂਜੀ ਗੱਲ ਤਿੰਨਾਂ (ਜਾਂਚ ਕਮਿਸ਼ਨ ਮੈਂਬਰਾਂ) ਵਿਚੋਂ ਕੋਈ ਵੀ ਲੱਦਾਖ ਦਾ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇ ਤੇ ਕੁਝ ਵੀ ਲੁਕਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਲੱਦਾਖ ’ਚੋਂ ਵੀ ਕਿਸੇ ਨੂੰ ਇਸ ਕਮਿਸ਼ਨ ਦਾ ਹਿੱਸਾ ਬਣਾਇਆ ਜਾਵੇ।’’
Advertisement
Advertisement