ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ ਦੰਗਲ: ਐਗਜ਼ਿਟ ਪੋਲ ਵਿੱਚ ਭਾਜਪਾ ਅੱਗੇ

‘ਆਪ’ ਤੋਂ ਖੁੱਸ ਸਕਦੀ ਹੈ ਸੱਤਾ; ਕਈ ਸਰਵੇਖਣਾਂ ਵਿੱਚ ਕਾਂਗਰਸ ਦੀ ਝੋਲੀ ਖਾਲੀ
ਦਿੱਲੀ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਨੂੰ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 5 ਫਰਵਰੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਕੀਤੇ ਗਏ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ਵਿੱਚ ‘ਆਪ’ ਦੀ ਸੱਤਾ ਖੁੱਸਣ ਅਤੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁੱਝ ਸਰਵੇਖਣਾਂ ਅਨੁਸਾਰ ਐਤਕੀਂ ਫਿਰ ਕਾਂਗਰਸ ਦਾ ਖਾਤਾ ਖੁੱਲ੍ਹਣਾ ਮੁਸ਼ਕਲ ਹੈ। ਹਾਲਾਂਕਿ ਦੋ ਸਰਵੇਖਣਾਂ ਅਨੁਸਾਰ ‘ਆਪ’ ਜਿੱਤ ਸਕਦੀ ਹੈ ਅਤੇ ਦੋ ਅਨੁਸਾਰ ਭਾਜਪਾ ਤੇ ‘ਆਪ’ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

Advertisement

ਕਾਂਗਰਸ ਆਗੂ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਹੋਏ।

ਚੋਣ ਕਮਿਸ਼ਨ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਧਿਕਾਰਤ ਨਤੀਜਿਆਂ ਦਾ ਐਲਾਨ ਕਰੇਗਾ। ਐਗਜ਼ਿਟ ਪੋਲ ਚੋਣ ਸਰਵੇਖਣ ਏਜੰਸੀਆਂ ਵੱਲੋਂ ਵੋਟਰਾਂ ਦੀਆਂ ਇੰਟਰਵਿਊਜ਼ ਦੇ ਆਧਾਰ ’ਤੇ ਲਾਇਆ ਗਿਆ ਅਨੁਮਾਨ ਹੁੰਦਾ ਹੈ। ਇਹ ਅਸਲ ਨਤੀਜਿਆਂ ਤੋਂ ਬਿਲਕੁਲ ਵੱਖਰੇ ਵੀ ਹੋ ਸਕਦੇ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤੇ ਚੋਣ ਸਰਵੇਖਣ ਗਲਤ ਨਿਕਲੇ ਸਨ। ‘ਪੀਪਲਜ਼ ਪਲਸ’ ਅਨੁਸਾਰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 51-60 ਅਤੇ ‘ਆਪ’ ਨੂੰ 10-19 ਸੀਟਾਂ ਮਿਲ ਸਕਦੀਆਂ ਹਨ। ਇਸ ਅਨੁਸਾਰ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ।

ਇਸੇ ਤਰ੍ਹਾਂ ‘ਪੀਪਲਜ਼ ਇਨਸਾਈਟ’ ਅਨੁਸਾਰ ਐੱਨਡੀਏ 40 ਤੋਂ 44, ‘ਆਪ’ 25 ਤੋਂ 29 ਜਦਕਿ ਕਾਂਗਰਸ 0-1 ਸੀਟ ਜਿੱਤ ਸਕਦੀ ਹੈ। ‘ਪੀ ਮਾਰਕ’ ਮੁਤਾਬਕ 39-49 ’ਤੇ ਭਾਜਪਾ, 21-31 ’ਤੇ ‘ਆਪ’ ਅਤੇ 0-1 ਸੀਟ ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ‘ਜੇਵੀਸੀ’ ਅਨੁਸਾਰ 39 ਤੋਂ 45 ’ਤੇ ਭਾਜਪਾ, 22 ਤੋਂ 31 ’ਤੇ ‘ਆਪ’ ਅਤੇ 0-2 ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ‘ਪੋਲ ਡਾਇਰੀ’ ਨੇ 42 ਤੋਂ 50 ਸੀਟਾਂ ਭਾਜਪਾ, 18 ਤੋਂ 25 ‘ਆਪ’ ਅਤੇ 0 ਤੋਂ 2 ਸੀਟਾਂ ਕਾਂਗਰਸ ਦੇ ਜਿੱਤਣ ਦਾ ਅਨੁਮਾਨ ਲਾਇਆ ਹੈ। ‘ਚਾਣਕਿਆ’ ਅਨੁਸਾਰ ਭਾਜਪਾ ਅਤੇ ਉਸ ਦੇ ਭਾਈਵਾਲ 39 ਤੋਂ 44, ‘ਆਪ’ 25 ਤੋਂ 28 ਅਤੇ ਕਾਂਗਰਸ 2 ਤੋਂ 3 ਸੀਟਾਂ ਲੈ ਸਕਦੀ ਹੈ। ਉਧਰ ‘ਵੀ ਪ੍ਰੀਜ਼ਾਈਡ’ ਅਤੇ ‘ਮਾਈਂਡ ਬ੍ਰਿੰਕ ਮੀਡੀਆ’ ਨੇ ‘ਆਪ’ ਦੇ ਜਿੱਤਣ ਦੀ ਸੰਭਾਵਨਾ ਜਤਾਈ ਹੈ। ‘ਵੀ ਪ੍ਰੀਜ਼ਾਈਡ’ ਮੁਤਾਬਕ 46 ਤੋਂ 52 ’ਤੇ ‘ਆਪ’, 18 ਤੋਂ 23 ’ਤੇ ਭਾਜਪਾ ਅਤੇ 0 ਤੋਂ 1 ’ਤੇ ਕਾਂਗਰਸ ਜੇਤੂ ਰਹਿ ਸਕਦੀ ਹੈ। ਇਸੇ ਤਰ੍ਹਾਂ ‘ਮਾਈਂਡ ਬ੍ਰਿੰਕ ਮੀਡੀਆ’ ਨੇ ‘ਆਪ’ ਨੂੰ 44 ਤੋਂ 49, ਭਾਜਪਾ ਨੂੰ 21 ਤੋਂ 25 ਅਤੇ ਕਾਂਗਰਸ ਨੂੰ 0 ਤੋਂ 1 ਸੀਟ ਦਿੱਤੀ ਹੈ। ‘ਮੈਟਰਿਜ਼’ ਅਤੇ ‘ਡੀਵੀ ਰਿਸਰਚ’ ਨੇ ‘ਆਪ’ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਦਿਖਾਇਆ ਹੈ।

ਰਾਸ਼ਟਰਪਤੀ ਦਰੋਪਦੀ ਮੁਰਮੂ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ। -ਫੋਟੋਆਂ: ਮਾਨਸ ਰੰਜਨ ਭੂਈ/ ਏਐੱਨਆਈ

‘ਮੈਟਰਿਜ਼’ ਦੇ ਚੋਣ ਸਰਵੇਖਣ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 35-40 ਸੀਟਾਂ ਮਿਲ ਸਕਦੀਆਂ ਹਨ। ‘ਆਪ’ ਨੂੰ 32 ਤੋਂ 37 ਸੀਟਾਂ ਜਦਕਿ ਕਾਂਗਰਸ ਨੂੰ 0-1 ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ‘ਡੀਵੀ ਰਿਸਰਚ’ ਮੁਤਾਬਕ 26-34 ਸੀਟਾਂ ’ਤੇ ‘ਆਪ’ ਅਤੇ 36-44 ’ਤੇ ਭਾਜਪਾ ਜੇਤੂ ਰਹਿ ਸਕਦੀ ਹੈ। ਇਸ ਨੇ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਦਿੱਤੀ। 70 ਮੈਂਬਰੀ ਦਿੱਲੀ ਵਿਧਾਨ ਸਭਾ ’ਚ ਬਹੁਮਤ ਦਾ ਅੰਕੜਾ 36 ਹੈ। ਇਸ ਵੇਲੇ ‘ਆਪ’ ਕੋਲ 62, ਭਾਜਪਾ ਕੋਲ 8 ਅਤੇ ਕਾਂਗਰਸ ਕੋਲ ਇਕ ਵੀ ਵਿਧਾਇਕ ਨਹੀਂ ਹੈ। ਅੱਜ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। -ਪੀਟੀਆਈ

‘ਆਪ’ ਵੱਲੋਂ ਐਗਜ਼ਿਟ ਪੋਲ ਦੇ ਨਤੀਜੇ ਰੱਦ

ਨਵੀਂ ਦਿੱਲੀ:

‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਰੱਦ ਕਰ ਦਿੱਤੇ ਹਨ। ‘ਆਪ’ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੇ ਕਿਹਾ ਕਿ ਐਗਜ਼ਿਟ ਪੋਲ ਨੇ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਘੱਟ ਸਮਝਿਆ ਹੈ ਪਰ ਅਸਲ ਨਤੀਜਿਆਂ ’ਚ ਪਾਰਟੀ ਨੇ ਇਸ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ, ‘ਤੁਸੀਂ ਕਿਸੇ ਵੀ ਐਗਜ਼ਿਟ ਪੋਲ ਨੂੰ ਦੇਖ ਲਵੋ। ਚਾਹੇ 2013 ’ਚ ਹੋਵੇ, 2015 ’ਚ ਹੋਵੇ ਜਾਂ 2020 ਵਿੱਚ, ‘ਆਪ’ ਨੂੰ ਹਮੇਸ਼ਾ ਘੱਟ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ ਪਰ ਅਸਲ ਨਤੀਜਿਆਂ ’ਚ ਇਸ ਨੂੰ ਜ਼ਿਆਦਾ ਸੀਟਾਂ ਮਿਲੀਆਂ।’ ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ‘ਆਪ’ ਨੂੰ ਵੋਟ ਦਿੱਤੀ ਹੈ ਅਤੇ ਪਾਰਟੀ ਇਤਿਹਾਸਕ ਜਿੱਤ ਦਰਜ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। -ਪੀਟੀਆਈ

ਦਿੱਲੀ ਵਾਸੀਆਂ ਨੇ ਪਹਿਲਾਂ ਹੀ ਬਦਲਾਅ ਲਿਆਉਣ ਦਾ ਮਨ ਬਣਾ ਲਿਆ ਸੀ: ਸਚਦੇਵਾ

ਨਵੀਂ ਦਿੱਲੀ:

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਪਾਰਟੀ ਐਗਜ਼ਿਟ ਪੋਲ ਦੇ ਨਤੀਜਿਆਂ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਦਿੱਲੀ ਦੇ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਹ ਬਦਲਾਅ ਚਾਹੁੰਦੇ ਹਨ।’ ਸਚਦੇਵਾ ਨੇ ਕਿਹਾ ਕਿ ਦਿੱਲੀ ਵਾਸੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ। ਭਾਜਪਾ ਵਰਕਰਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਚੋਣਾਂ ਤੋਂ ਪਹਿਲਾਂ ਬਹੁਤ ਸਮਰਪਣ ਭਾਵਨਾ ਨਾਲ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸੱਤਾ ਤੋਂ ਬਾਹਰ ਹੋਣ ਦੇ ਰਾਹ ’ਤੇ ਹੈ ਅਤੇ ਭਗਵਾ ਪਾਰਟੀ 25 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਦਿੱਲੀ ਵਿੱਚ ਮੁੜ ਸਰਕਾਰ ਬਣਾਉਣ ਜਾ ਰਹੀ ਹੈ। -ਪੀਟੀਆਈ

ਦਿੱਲੀ ਵਿਧਾਨ ਸਭਾ ਚੋਣਾਂ ਲਈ 60.10 ਫੀਸਦ ਵੋਟਿੰਗ

ਨਵੀਂ ਦਿੱਲੀ:

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਵੱਲੋਂ ਪੈਸੇ ਦੀ ਵੰਡ ਤੇ ਫ਼ਰਜ਼ੀ ਵੋਟਾਂ ਬਣਾਉਣ ਸਣੇ ਹੋਰ ਹੇਰਾਫੇਰੀਆਂ ਦੇ ਲਗਾਏ ਜਾ ਰਹੇ ਦੋਸ਼ਾਂ ਦਰਮਿਆਨ ਅੱਜ ਕੌਮੀ ਰਾਜਧਾਨੀ ਵਿੱਚ 60.10 ਫੀਸਦ ਵੋਟਿੰਗ ਹੋਈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਤੇ ਭਾਜਪਾ ਵਿਚਾਲੇ ਫਸਵੀਂ ਟੱਕਰ ਹੈ। ਵੋਟਿੰਗ ਦੀ ਇਹ ਫੀਸਦ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਪੰਜ ਫੀਸਦ ਪੁਆਇੰਟ ਘੱਟ ਹੈ ਕਿਉਂਕਿ 2020 ਵਿੱਚ 62.59 ਫੀਸਦ ਵੋਟਿੰਗ ਹੋਈ ਸੀ। ਉਸ ਵੇਲੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 70 ’ਚੋਂ 62 ਸੀਟਾਂ ਜਿੱਤੀਆਂ ਸਨ। ਹਾਲਾਂਕਿ, ਭਾਜਪਾ ਨੂੰ ਸਿਰਫ਼ ਅੱਠ ਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਸੀ। ਅੱਜ ਸਵੇਰ ਤੋਂ ਹੀ ਵੱਖ ਵੱਖ ਹਲਕਿਆਂ ਵਿੱਚ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਇਹੀ ਨਹੀਂ ਵੋਟਾਂ ਦਾ ਸਮਾਂ 6 ਵਜੇ ਖ਼ਤਮ ਹੋਣ ਤੋਂ ਬਾਅਦ ਵੀ ਲੋਕ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਨਜ਼ਰ ਆਏ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਸ਼ਾਮ 5 ਵਜੇ ਤੱਕ ਕੌਮੀ ਰਾਜਧਾਨ ਦੇ 1.56 ਕਰੋੜ ਯੋਗ ਵੋਟਰਾਂ ਵਿੱਚੋਂ 60.10 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਚੀਫ਼ ਜਸਟਿਸ ਸੰਜੀਵ ਖੰਨਾ, ਕੇਂਦਰੀ ਮੰਤਰੀਆਂ ਐੱਸ ਜੈਸ਼ੰਕਰ ਤੇ ਹਰਦੀਪ ਸਿੰਘ ਪੁਰੀ, ਕਾਂਗਰਸੀ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ, ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਲਦੀ ਪਹੁੰਚ ਕੇ ਆਪਣੀ ਵੋਟ ਪਾਈ। ਉੱਧਰ, ਮੋਤੀ ਬਾਗ ਵਿੱਚ ਵੋਟ ਪਾਉਣ ਤੋਂ ਬਾਅਦ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਉਣ ਲਈ ਸਾਰਿਆਂ ਨੇ ਕਾਫੀ ਸਖ਼ਤ ਮਿਹਨਤ ਕੀਤੀ ਹੈ। -ਪੀਟੀਆਈ

‘ਆਪ’ ਉਮੀਦਵਾਰ ਅਮਾਨਤਉੱਲ੍ਹਾ ਖਾਨ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਦਿੱਲੀ ਪੁਲੀਸ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ‘ਆਪ’ ਉਮੀਦਵਾਰ ਅਮਾਨਤਉੱਲ੍ਹਾ ਖਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਬਾਰੇ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਇਹ ਕਾਰਵਾਈ ਕੀਤੀ ਹੈ, ਜਿਸ ਵਿੱਚ ‘ਆਪ’ ਨੇਤਾ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਸਮਰਥਕਾਂ ਨਾਲ ਆਪਣੇ ਹਲਕੇ ਓਖਲਾ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ। ਦੱਖਣੀ ਪੂਰਬੀ ਪੁਲੀਸ ਦੇ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਇੱਕ ਵੱਖਰੇ ਮਾਮਲੇ ਵਿੱਚ ਦੋ ਵਰਕਰਾਂ ਕੋਲੋਂ ਪੰਜ ਲੱਖ ਰੁਪਏ ਜ਼ਬਤ ਕੀਤੇ ਗਏ ਹਨ।

Advertisement