ਦਿੱਲੀ ਕੂਚ: ਕਿਸਾਨਾਂ ਨੂੰ ਨੋਇਡਾ ਪੁਲੀਸ ਨੇ ਰੋਕਿਆ
ਨੋਇਡਾ, 2 ਦਸੰਬਰ
ਆਪਣੀਆਂ ਦਸ ਅਹਿਮ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਲਈ ਨਿਕਲੇ ਗੌਤਮਬੁੱਧ ਨਗਰ ਦੇ ਕਿਸਾਨਾਂ ਨੂੰ ਦਿੱਲੀ ਦੀ ਹੱਦ ’ਤੇ ਪੁੱਜਣ ਤੋਂ ਪਹਿਲਾਂ ਹੀ ਪੁਲੀਸ ਨੇ ਰੋਕ ਲਿਆ। ਮਹਾਮਾਇਆ ਫਲਾਈਓਵਰ ਦੇ ਰਸਤਿਓਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਨੋਇਡਾ ਪੁਲੀਸ ਨੇ ਦਲਿਤ ਪ੍ਰੇਰਨਾ ਸਥਲ ਤੋਂ ਅੱਗੇ ਨਹੀਂ ਵਧਣ ਦਿੱਤਾ ਜਿਸ ਕਾਰਨ ਨਾਰਾਜ਼ ਕਿਸਾਨਾਂ ਨੇ ਸੜਕ ਵਿਚਾਲੇ ਹੀ ਧਰਨਾ ਦੇ ਦਿੱਤਾ। ਸ਼ਾਮ ਨੂੰ ਪੁਲੀਸ ਪ੍ਰਸ਼ਾਸਨ ਨੇ ਵਾਰਤਾ ਕਰਵਾਉਣ ਦਾ ਭਰੋਸਾ ਦੇ ਕੇ ਦਿੱਲੀ-ਨੋਇਡਾ ਲਿੰਕ ਰੋਡ ਖੁੱਲਵਾਇਆ। ਕਿਸਾਨ ਏਕਤਾ ਪਰਿਸ਼ਦ ਦੇ ਕੌਮੀ ਪ੍ਰਧਾਨ ਸੁਖਬੀਰ ਖਲੀਫਾ ਨੇ ਕਿਹਾ ਕਿ ਇੱਕ ਹਫ਼ਤੇ ਅੰਦਰ ਜੇ ਵਾਰਤਾ ਨਾ ਕਰਵਾਈ ਗਈ ਤਾਂ ਕਿਸਾਨ ਮੁੜ ਦਿੱਲੀ ਜਾ ਕੇ ਸੰਸਦ ਦਾ ਘਿਰਾਓ ਕਰਨ ਲਈ ਨਿਕਲਣਗੇ। -ਪੀਟੀਆਈ
ਕਿਸਾਨੀ ਮੰਗਾਂ ਜਲਦੀ ਮੰਨੀਆਂ ਜਾਣ: ਐੱਸਕੇਐੱਮ
ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗਰੇਟਰ ਨੋਇਡਾ, ਨੋਇਡਾ, ਯਮੁਨਾ ਐਕਸਪ੍ਰੈੱਸਵੇਅ ਤੇ ਹੋਰ ਪ੍ਰਾਜੈਕਟਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੀਆਂ ਮੰਗਾਂ ਜਲਦੀ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ। -ਪੀਟੀਆਈ