Delhi Blast: ਅਮੀਰ ਨੇ ਉਮਰ ਲਈ ਟਿਕਾਣੇ ਦਾ ਪ੍ਰਬੰਧ ਕੀਤਾ ਤੇ IED ਬਣਾਉਣ ਵਿੱਚ ਸਹਾਇਤਾ ਕੀਤੀ: ਐੱਨਆਈਏ
ਅਦਾਲਤ ਵਿੱਚ ਅਮੀਰ ਰਾਸ਼ਿਦ ਅਲੀ ਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਿਹਾ ਕਿ ਉਸ ਨੇ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਲਈ ਇੱਕ ਸੁਰੱਖਿਅਤ ਘਰ ਦਾ ਪ੍ਰਬੰਧ ਕੀਤਾ ਸੀ।
ਅਮੀਰ ’ਤੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਨੇ ਇੱਕ IED ਤਿਆਰ ਕਰਨ ਵਿੱਚ ਉਸ ਦੀ ਸਹਾਇਤਾ ਕੀਤੀ, ਜਿਸ ਦੀ ਵਰਤੋਂ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਕੀਤੀ ਗਈ ਸੀ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਮੀਰ ਨੂੰ 10 ਦਿਨਾਂ ਲਈ ਐੱਨਆਈਏ ਦੀ ਹਿਰਾਸਤ ਵਿੱਚ ਦੇ ਦਿੱਤਾ।
ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਇੱਕ ਬੰਦ ਅਦਾਲਤੀ ਕਮਰੇ ਵਿੱਚ ਐਨਆਈਏ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਸੁਣੀਆਂ। ਸੂਤਰਾਂ ਅਨੁਸਾਰ ਐਨਆਈਏ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਮ੍ਰਿਤਕ ਮੁਲਜ਼ਮ ਨਾਲ ਜੁੜਿਆ ਹੋਇਆ ਸੀ ਅਤੇ ਉਸ ਨਾਲ ਮਿਲ ਕੇ ਅਤਿਵਾਦੀ ਗਤੀਵਿਧੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਇਹ ਵੀ ਦੱਸਿਆ ਗਿਆ ਕਿ ਅਮੀਰ ਰਾਸ਼ਿਦ ਅਲੀ ਨੇ ਮ੍ਰਿਤਕ ਉਮਰ ਉਨ ਨਬੀ ਲਈ ਇੱਕ ਸੁਰੱਖਿਅਤ ਟਿਕਾਣੇ ਦਾ ਵੀ ਪ੍ਰਬੰਧ ਕੀਤਾ ਸੀ ਅਤੇ ਉਹ ਉਮਰ ਉਨ ਨਬੀ ਨਾਲ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ।
ਐਨਆਈਏ ਨੇ ਇਹ ਵੀ ਕਿਹਾ ਕਿ ਅਮੀਰ ਦੀ ਹਿਰਾਸਤ ਦੀ ਲੋੜ ਹੈ ਕਿਉਂਕਿ ਉਸ ਨੂੰ ਕੇਸ ਦੀ ਜਾਂਚ ਲਈ ਜੰਮੂ-ਕਸ਼ਮੀਰ ਲਿਜਾਇਆ ਜਾਣਾ ਹੈ।
ਗ਼ੌਰਤਲਬ ਹੈ ਕਿ ਅਮੀਰ ਰਾਸ਼ਿਦ ਅਲੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸੋਮਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਐੱਨਆਈਏ ਨੇ 10 ਦਿਨਾਂ ਦੇ ਰਿਮਾਂਡ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ।
