ਦੇਹਰਾਦੂਨ: ਬੱਦਲ ਫਟਣ ਕਾਰਨ ਸਹਿਸਤ੍ਰਧਾਰਾ ’ਚ ਭਾਰੀ ਤਬਾਹੀ; ਗੱਡੀਆਂ ਵਹੀਆਂ, 2 ਲਾਪਤਾ
ਸੋਮਵਾਰ ਦੇਰ ਰਾਤ ਦੇਹਰਾਦੂਨ ਦੇ ਸਹਿਸਤ੍ਰਧਾਰਾ ਇਲਾਕੇ ’ਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਅਚਾਨਕ ਆਏ ਹੜ੍ਹ ਨਾਲ ਤਮਸਾ ਨਦੀ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਤੇਜ਼ ਪਾਣੀ ਦੇ ਵਹਾਅ ’ਚ ਕਈ ਗੱਡੀਆਂ ਵਹਿ ਗਈਆਂ ਅਤੇ ਦੋ ਵਿਅਕਤੀ ਲਾਪਤਾ ਹੋ ਗਏ। ਇਸ ਦੌਰਾਨ ਮੁੱਖ ਬਾਜ਼ਾਰ ’ਚ ਮਲਬਾ ਭਰ ਜਾਣ ਕਾਰਨ ਹੋਟਲਾਂ ਅਤੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ। ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ 12ਵੀਂ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਟਪਕੇਸ਼ਵਰ ਮਹਾਦੇਵ ਮੰਦਰ 'ਚ ਪਾਣੀ ਅਤੇ ਮਲਬਾ
ਤੇਜ਼ ਮੀਂਹ ਕਾਰਨ ਟਪਕੇਸ਼ਵਰ ਮਹਾਦੇਵ ਮੰਦਰ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ’ਚ ਆ ਗਿਆ। ਮੰਦਰ ਦੇ ਪੁਜਾਰੀ ਅਨੁਸਾਰ ਸਵੇਰੇ ਕਰੀਬ 5 ਵਜੇ ਨਦੀ ’ਚ ਪਾਣੀ ਦਾ ਪੱਧਰ ਵਧਿਆ, ਜਿਸ ਕਾਰਨ ਪੂਰਾ ਮੰਦਰ ਡੁੱਬ ਗਿਆ ਅਤੇ ਕਈ ਮੂਰਤੀਆਂ ਵਹਿ ਗਈਆਂ। ਹਾਲਾਂਕਿ, ਗਰਭਗ੍ਰਹਿ ਸੁਰੱਖਿਅਤ ਹੈ, ਪਰ ਪਾਣੀ ਉਤਰਨ ਤੋਂ ਬਾਅਦ ਮੰਦਰ ਦੇ ਕੰਪਲੈਕਸ ’ਚ ਕਰੀਬ ਦੋ ਫੁੱਟ ਮਲਬਾ ਜਮ੍ਹਾ ਮਿਲਿਆ।
ਰਿਸ਼ੀਕੇਸ਼: ਚੰਦਰਭਾਗਾ ਨਦੀ ’ਚ ਉਛਾਲ
ਰਿਸ਼ੀਕੇਸ਼ ’ਚ ਮੰਗਲਵਾਰ ਸਵੇਰ ਤੋਂ ਹੀ ਚੰਦਰਭਾਗਾ ਨਦੀ ’ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਮੌਕੇ ਪਾਣੀ ਹਾਈਵੇ ਤੱਕ ਪਹੁੰਚ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। SDRF ਦੀ ਟੀਮ ਨੇ ਨਦੀ ’ਚ ਫਸੇ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਟੀਮ ਅਨੁਸਾਰ ਕਈ ਵਾਹਨ ਅਜੇ ਵੀ ਪਾਣੀ ’ਚ ਫਸੇ ਹੋਏ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ’ਤੇ ਪੋਸਟ ਕਰਦਿਆਂ ਕਿਹਾ,‘‘ ਸਹਿਸਤ੍ਰਧਾਰਾ, ਦੇਹਰਾਦੂਨ ਵਿੱਚ ਭਾਰੀ ਮੀਂਹ ਕਾਰਨ ਦੁਕਾਨਾਂ ਦੇ ਹੋਏ ਨੁਕਸਾਨ ਬਾਰੇ ਦੁਖਦਾਈ ਖ਼ਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਐੱਸਡੀਆਰਐੱਫ ਅਤੇ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ, ‘‘ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹਾਂ ਅਤੇ ਖ਼ੁਦ ਹਾਲਾਤਾਂ ’ਤੇ ਨਜ਼ਰ ਰੱਖ ਰਿਹਾ ਹਾਂ, ਮੈਂ ਸਭ ਦੀ ਸੁਰੱਖਿਆ ਲਈ ਪ੍ਰਮਾਤਾਮਾ ਨੂੰ ਅਰਦਾਸ ਕਰਦਾ ਹਾਂ।’’