ਅਪਰੇਸ਼ਨ ਸਿੰਧੂਰ ਦੀ ਸਫ਼ਲਤਾ ’ਚ ਰੱਖਿਆ ਲੇਖਾ ਵਿਭਾਗ ਦੀ ਅਹਿਮ ਭੂਮਿਕਾ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਰੇਸ਼ਨ ਸਿੰਧੂਰ ਦੀ ਸਫ਼ਲਤਾ ਵਿੱਚ ਰੱਖਿਆ ਲੇਖਾ ਵਿਭਾਗ (ਡੀ ਏ ਡੀ) ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕੁਸ਼ਲ ਵਿੱਤੀ ਪ੍ਰਬੰਧਨ ਅਤੇ ਜੰਗੀ ਤਿਆਰੀ ਯਕੀਨੀ ਬਣਾਉਣ ਵਿੱਚ ਇਸ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।
ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਡੀ ਏ ਡੀ ਦੀ ‘ਇਤਿਹਾਸਕ ਵਿਰਾਸਤ’ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਵਿੱਤੀ ਰੀੜ੍ਹ ਦੀ ਹੱਡੀ ਵਜੋਂ ਇਸ ਦੀ ਨਿਰੰਤਰ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘ਇੱਕ ਪਾਸੇ ਪੂਰੀ ਦੁਨੀਆ ਨੇ ਅਪਰੇਸ਼ਨ ਸਿੰਧੂਰ ਦੌਰਾਨ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਹੌਸਲੇ ਨੂੰ ਦੇਖਿਆ, ਉੱਥੇ ਹੀ ਦੂਜੇ ਪਾਸੇ ਰੱਖਿਆ ਲੇਖਾ ਵਿਭਾਗ ਦੀ ਸ਼ਾਂਤ ਪਰ ਅਹਿਮ ਭੂਮਿਕਾ ਨੇ ਕੁਸ਼ਲ ਸਰੋਤ ਵਰਤੋਂ, ਵਿੱਤੀ ਪ੍ਰਬੰਧਨ ਅਤੇ ਜੰਗੀ ਤਿਆਰੀ ਨੂੰ ਯਕੀਨੀ ਬਣਾਇਆ।’
ਰਾਜਨਾਥ ਸਿੰਘ ਨੇ ਡੀ ਏ ਡੀ ਨੂੰ ਇੱਕ ਅਜਿਹੀ ਸੰਸਥਾ ਦੱਸਿਆ ਜੋ ਨਾ ਸਿਰਫ਼ ਵਿੱਤੀ ਸੂਝ-ਬੂਝ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੀ ਹੈ, ਸਗੋਂ ਫੌਜ ਨੂੰ ਸਮੇਂ ਸਿਰ ਸਰੋਤ ਮੁਹੱਈਆ ਕਰਵਾ ਕੇ ਕਾਰਜਸ਼ੀਲ ਤਿਆਰੀ ਨੂੰ ਵੀ ਮਜ਼ਬੂਤ ਕਰਦੀ ਹੈ। ਰੱਖਿਆ ਮੰਤਰੀ ਸੰਗਠਨ ਦੇ 278ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਡੀ ਏ ਡੀ ਵਿੱਤ ਅਤੇ ਹਥਿਆਰਬੰਦ ਸੈਨਾਵਾਂ ਨੂੰ ਜੋੜਨ ਵਾਲਾ ਪੁਲ ਹੈ।’