ਰੈੱਡ ਚਿੱਲੀਜ਼ ਐਂਟਰਟੇਨਮੈਂਟ ਤੇ ਨੈੱਟਫਲਿਕਸ ਨੂੰ ਮਾਣਹਾਨੀ ਨੋਟਿਸ
ਦਿੱਲੀ ਹਾਈ ਕੋਰਟ ਨੇ ਅੱਜ ਆਈ ਆਰ ਐੱਸ ਅਧਿਕਾਰੀ ਸਮੀਰ ਵਾਨਖੇੜੇ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਨੂੰ ਕਥਿਤ ਮਾਣਹਾਨੀ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਹਨ। ਸਮੀਰ ਵਾਨਖੇੜੇ ਨੇ ਦੋਸ਼ ਲਗਾਇਆ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਵੱਲੋਂ ਨਿਰਦੇਸ਼ਤ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਬੈਡਸ ਆਫ ਬਾਲੀਵੁੱਡ’ ਵਿੱਚ ਉਨ੍ਹਾਂ ਦੇ ਅਕਸ ਨੂੰ ਕਥਿਤ ਤੌਰ ’ਤੇ ਢਾਹ ਲਗਾਈ ਗਈ ਹੈ। ਦਿੱਲੀ ਹਾਈ ਕੋਰਟ ਨੇ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਨੂੰ ਸੱਤ ਦਿਨਾਂ ਅੰਦਰ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਪਟੀਸ਼ਨਰ ਨੂੰ ਸਾਰੀਆਂ ਧਿਰਾਂ ਨੂੰ ਪਟੀਸ਼ਨ ਦੀ ਕਾਪੀ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ। ਪਟੀਸ਼ਨਰ ਨੇ ਦੋਸ਼ ਲਗਾਇਆ ਕਿ ਇਸ ਲੜੀ ਦਾ ਮਕਸਦ ਉਸ ਨੂੰ ਬਦਨਾਮ ਕਰਨਾ ਸੀ, ਜਦਕਿ ਆਰਿਅਨ ਖ਼ਾਨ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜ਼ਿਕਰਯੋਗ ਹੈ ਕਿ ਸਮੀਰ ਵਾਨਖੇੜੇ ਨੇ ਆਰਿਅਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਉਸ ਦੀ ਪਤਨੀ ਗੌਰੀ ਖ਼ਾਨ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਨੈੱਟਫਲਿਕਸ ਅਤੇ ਹੋਰਾਂ ਤੋਂ 2 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਗਿਆ ਹੈ।