ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੈਸਲਾ ਪੱਖਪਾਤੀ ਹਨ ਅਤੇ ਰਾਜਨੀਤਿਕ ਤੌਰ ’ਤੇ ਪ੍ਰੇਰਿਤ : ਸ਼ੇਖ ਹਸੀਨਾ 

ਢੁਕਵੇਂ ਟ੍ਰਿਬਿਊਨਲ ਵਿੱਚ ਆਪਣੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ, ਜਿੱਥੇ ਸਬੂਤਾਂ ਦਾ ਨਿਰਪੱਖ ਤਰੀਕੇ ਨਾਲ ਮੁਲਾਂਕਣ ਅਤੇ ਜਾਂਚ ਕੀਤੀ ਜਾ ਸਕੇ: ਹਸੀਨਾ
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਫਾਈਲ ਫੋਟੋ।
Advertisement

ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੋਮਵਾਰ ਨੂੰ ਇੱਕ ਵਿਸ਼ੇਸ਼ ਟ੍ਰਿਬਿਊਨਲ ਵੱਲੋਂ ਪਿਛਲੇ ਸਾਲ ਉਨ੍ਹਾਂ ਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ’ਤੇ ਕੀਤੀ ਗਈ ਬੇਰਹਿਮ ਕਾਰਵਾਈ ਨੂੰ ਲੈ ਕੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਗ਼ੈਰ-ਹਾਜ਼ਰੀ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ।

ਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਨੇ ਮਹੀਨਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਆਪਣੇ ਫੈਸਲੇ ਵਿੱਚ 78 ਸਾਲਾ ਅਵਾਮੀ ਲੀਗ ਨੇਤਾ ਨੂੰ ਹਿੰਸਕ ਦਮਨ ਦਾ ‘ਮਾਸਟਰਮਾਈਂਡ ਅਤੇ ਮੁੱਖ ਆਰਕੀਟੈਕਟ’ ਦੱਸਿਆ, ਜਿਸ ਵਿੱਚ ਸੈਂਕੜੇ ਪ੍ਰਦਰਸ਼ਨਕਾਰੀ ਮਾਰੇ ਗਏ ਸਨ।

Advertisement

ਇਸ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੇ ਕਿਹਾ ਕਿ ਇਹ ਫੈਸਲਾ ਇੱਕ "ਗੈਰ-ਚੁਣੀ ਹੋਈ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਅਤੇ ਜਿਸ ਦੀ ਪ੍ਰਧਾਨਗੀ ਇੱਕ ਅਜਿਹੇ ਟ੍ਰਿਬਿਊਨਲ ਵੱਲੋਂ ਕੀਤੀ ਗਈ ਜਿਸ ਨੂੰ ਕੋਈ ਲੋਕਤੰਤਰੀ ਅਧਿਕਾਰ ਨਹੀਂ ਹੈ, ਵੱਲੋਂ ਦਿੱਤਾ ਗਿਆ ਹੈ।"

ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, "ਉਹ ਪੱਖਪਾਤੀ ਹਨ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹਨ। ਮੌਤ ਦੀ ਸਜ਼ਾ ਦੀ ਉਨ੍ਹਾਂ ਦੀ ਬੇਲੋੜੀ ਮੰਗ ਵਿੱਚ ਉਹ ਅੰਤਰਿਮ ਸਰਕਾਰ ਦੇ ਅੰਦਰ ਕੱਟੜਪੰਥੀ ਸ਼ਖਸੀਅਤਾਂ ਦੇ ਬੇਸ਼ਰਮੀ ਅਤੇ ਕਾਤਲਾਨਾ ਇਰਾਦੇ ਨੂੰ ਦਰਸਾਉਂਦੇ ਹਨ ਕਿ ਬੰਗਲਾਦੇਸ਼ ਦੀ ਆਖਰੀ ਚੁਣੀ ਗਈ ਪ੍ਰਧਾਨ ਮੰਤਰੀ ਨੂੰ ਹਟਾ ਦਿੱਤਾ ਜਾਵੇ ਅਤੇ ਅਵਾਮੀ ਲੀਗ ਨੂੰ ਇੱਕ ਰਾਜਨੀਤਿਕ ਸ਼ਕਤੀ ਵਜੋਂ ਅਯੋਗ ਕਰ ਦਿੱਤਾ ਜਾਵੇ।’’

ਹਸੀਨਾ ਨੇ ਕਿਹਾ ਕਿ ਉਹ ਇੱਕ ਢੁਕਵੇਂ ਟ੍ਰਿਬਿਊਨਲ ਵਿੱਚ ਆਪਣੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੀ, ਜਿੱਥੇ ਸਬੂਤਾਂ ਦਾ ਨਿਰਪੱਖ ਤਰੀਕੇ ਨਾਲ ਮੁਲਾਂਕਣ ਅਤੇ ਜਾਂਚ ਕੀਤੀ ਜਾ ਸਕੇ।

ਉਨ੍ਹਾਂ ਕਿਹਾ "ਇਸੇ ਲਈ ਮੈਂ ਅੰਤਰਿਮ ਸਰਕਾਰ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ ਕਿ ਉਹ ਇਨ੍ਹਾਂ ਦੋਸ਼ਾਂ ਨੂੰ ਹੇਗ ਵਿੱਚ ਅੰਤਰਰਾਸ਼ਟਰੀ ਅਪਰਾਧ ਅਦਾਲਤ (ICC) ਦੇ ਸਾਹਮਣੇ ਲਿਆਵੇ।"

ਜ਼ਿਕਰਯੋਗ ਹੈ ਕਿ ਇਹ ਫੈਸਲਾ ਬੰਗਲਾਦੇਸ਼ ਵਿੱਚ ਸੰਸਦੀ ਚੋਣਾਂ ਤੋਂ ਮਹੀਨਿਆਂ ਪਹਿਲਾਂ ਆਇਆ ਹੈ। ਹਸੀਨਾ ਦੀ ਅਵਾਮੀ ਲੀਗ ਪਾਰਟੀ ਨੂੰ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।

ਢਾਕਾ ਵਿੱਚ ਭਾਰੀ ਸੁਰੱਖਿਆ ਵਾਲੇ ਅਦਾਲਤੀ ਕਮਰੇ ਵਿੱਚ ਫੈਸਲਾ ਪੜ੍ਹਦਿਆਂ ਆਈਸੀਟੀ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਵਾਜਬ ਸ਼ੱਕ ਤੋਂ ਪਰੇ ਸਾਬਤ ਕਰ ਦਿੱਤਾ ਹੈ ਕਿ ਹਸੀਨਾ ਪਿਛਲੇ ਸਾਲ ਜੁਲਾਈ-ਅਗਸਤ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ 'ਤੇ ਘਾਤਕ ਕਾਰਵਾਈ ਦੇ ਪਿੱਛੇ ਸੀ।

Advertisement
Show comments