ਪਰਮਾਣੂ ਤਜਰਬਿਆਂ ਦਾ ਫ਼ੈਸਲਾ ਸਹੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਿੰਨ ਦਹਾਕਿਆਂ ਮਗਰੋਂ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਉਨ੍ਹਾਂ ਮੁਲਕਾਂ ’ਚ ਸ਼ਾਮਲ ਹਨ ਜਿਹੜੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕਰ ਰਹੇ ਹਨ। ਪਿਛਲੇ ਹਫ਼ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਸ੍ਰੀ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵੀ ਆਪਣੇ ਵਿਰੋਧੀ ਮੁਲਕਾਂ ਵਾਂਗ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਤੋਂ ਸ਼ੁਰੂ ਕਰੇਗਾ। ਸੀ ਬੀ ਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਰੂਸ, ਚੀਨ, ਉੱਤਰੀ ਕੋਰੀਆ ਤੇ ਪਾਕਿਸਤਾਨ ਦਾ ਨਾਮ ਲੈਂਦਿਆਂ ਕਿਹਾ ਕਿ ਉਹ ਪਰਮਾਣੂ ਹਥਿਆਰਾਂ ਦਾ ਪ੍ਰੀਖਣ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਰੂਸ ਅਤੇ ਚੀਨ ਪ੍ਰੀਖਣ ਕਰ ਰਹੇ ਹਨ ਪਰ ਇਸ ਬਾਰੇ ਗੱਲ ਨਹੀਂ ਕਰਦੇ ਹਨ। ਸਾਡਾ ਖੁੱਲ੍ਹਾ ਸਮਾਜ ਹੈ। ਅਸੀਂ ਹੋਰਾਂ ਨਾਲੋਂ ਵੱਖ ਹਾਂ ਅਤੇ ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਅਸੀਂ ਪਰਮਾਣੂ ਪ੍ਰੀਖਣ ਕਰਾਂਗੇ ਕਿਉਂਕਿ ਹੋਰ ਮੁਲਕ ਵੀ ਇਹ ਪ੍ਰੀਖਣ ਕਰ ਰਹੇ ਹਨ।’’ ਪਰਮਾਣੂ ਹਥਿਆਰਾਂ ਦੇ ਮੁੜ ਪ੍ਰੀਖਣ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਹਥਿਆਰਾਂ ਦੀ ਭਰੋਸੇਯੋਗਤਾ ਯਕੀਨੀ ਬਣਾਉਣ ਲਈ ਪ੍ਰੀਖਣ ਜ਼ਰੂਰੀ ਹਨ; ਜੇ ਪ੍ਰੀਖਣ ਹੀ ਨਾ ਕੀਤੇ ਤਾਂ ਕਿਵੇਂ ਪਤਾ ਲੱਗੇਗਾ ਕਿ ਉਹ ਚਲਦੇ ਹਨ।
ਭਾਰਤ-ਪਾਕਿ ਜੰਗ ਰੁਕਵਾਉਣ ਲਈ ਟੈਰਿਫ ਨੀਤੀ ਵਰਤੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ’ਚ ਜੰਗ ਰੁਕਵਾਉਣ ਦਾ ਮੁੜ ਦਾਅਵਾ ਕੀਤਾ। ਉਨ੍ਹਾਂ ਕਿਹਾ, ‘‘ਮੈਂ ਅੱਠ ਜੰਗਾਂ ਰੁਕਵਾਈਆਂ ਹਨ। ਰੂਸ ਤੇ ਯੂਕਰੇਨ ਜੰਗ ਨੂੰ ਰੁਕਵਾਉਣ ’ਚ ਅਜੇ ਸਫਲ ਨਹੀਂ ਹੋਇਆ ਹਾਂ ਪਰ ਇਹ ਵੀ ਰੁਕੇਗੀ। ਕੁਝ ਜੰਗਾਂ ਰੁਕਵਾਉਣ ਲਈ ਟੈਰਿਫ ਦਾ ਡਰਾਵਾ ਦਿੱਤਾ। ਭਾਰਤ ਤੇ ਪਾਕਿਸਤਾਨ ਇਸੇ ਕਾਰਨ ਜੰਗ ਰੋਕਣ ਲਈ ਰਾਜ਼ੀ ਹੋਏ। ਜੇ ਟੈਰਿਫ ਤੇ ਵਪਾਰ ਦਾ ਡਰਾਵਾ ਨਾ ਦਿੰਦਾ ਤਾਂ ਮੈਂ ਸਮਝੌਤੇ ਨਹੀਂ ਕਰਵਾ ਸਕਦਾ ਸੀ।’’ -ਪੀਟੀਆਈ
ਟਰੰਪ ਨੇ ਨਾਇਜੀਰੀਆ ਨੂੰ ਫ਼ੌਜੀ ਕਾਰਵਾਈ ਦੀ ਧਮਕੀ ਦਿੱਤੀ
ਅਬੁਜਾ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਇਜੀਰੀਆ ’ਤੇ ਇਸਾਈਆਂ ਨਾਲ ਅਤਿਆਚਾਰ ਦੀਆਂ ਘਟਨਾਵਾਂ ਰੋਕਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਜੰਗੀ ਵਿਭਾਗ ਨੂੰ ਪੱਛਮੀ ਅਫਰੀਕੀ ਦੇਸ਼ ਵਿੱਚ ਸੰਭਾਵੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਉਣ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਉਹ ਨਾਇਜੀਰੀਆ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਫੌਰੀ ਬੰਦ ਕਰ ਦੇਣਗੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਜੇਕਰ ਨਾਇਜੀਰੀਆ ਸਰਕਾਰ ਇਸਾਈਆਂ ਦੀ ਹੱਤਿਆ ਹੋਣ ਦਿੰਦੀ ਹੈ ਤਾਂ ਅਮਰੀਕਾ ਨਾਇਜੀਰੀਆ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਫੌਰੀ ਰੋਕ ਦੇਵੇਗਾ ਅਤੇ ਹੋ ਸਕਦਾ ਹੈ ਕਿ ਉਹ ਉਸ ਦੇਸ਼ ਵਿੱਚ ਜਾ ਕੇ ਬੰਦੂਕਾਂ ਤਾਣ ਕੇ ਉਨ੍ਹਾਂ ਇਸਲਾਮੀ ਅਤਿਵਾਦੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇ ਜੋ ਇਹ ਜ਼ੁਲਮ ਕਰ ਰਹੇ ਹਨ।’’ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਸ੍ਰੀ ਟਰੰਪ ਨੇ ਕਿਹਾ, ‘‘ਮੈਂ ਆਪਣੇ ਜੰਗੀ ਵਿਭਾਗ ਨੂੰ ਸੰਭਾਵੀ ਕਾਰਵਾਈ ਲਈ ਤਿਆਰ ਰਹਿਣ ਦਾ ਨਿਰਦੇਸ਼ ਦੇ ਰਿਹਾ ਹਾਂ। ਜੇਕਰ ਅਸੀਂ ਹਮਲਾ ਕਰਾਂਗੇ ਤਾਂ ਇਹ ਤੇਜ਼, ਬੇਰਹਿਮ ਤੇ ਤਿੱਖਾ ਹੋਵੇਗਾ, ਠੀਕ ਉਸੇ ਤਰ੍ਹਾਂ ਜਿਵੇਂ ਅਤਿਵਾਦੀ ਸਾਡੇ ਪਿਆਰੇ ਇਸਾਈਆਂ ’ਤੇ ਕਰਦੇ ਹਨ।’’ ‘ਏਅਰ ਫੋਰਸ ਵਨ’ ਵਿੱਚ ਸਵਾਰ ਸ੍ਰੀ ਟਰੰਪ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਇਸ ਦਾ ਅਰਥ ਨਾਇਜੀਰੀਆ ਵਿੱਚ ਅਮਰੀਕੀ ਫੌਜ ਭੇਜਣ ਜਾਂ ਹਵਾਈ ਹਮਲਾ ਕਰਨਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ, ‘‘ਹੋ ਸਕਦਾ ਹੈ... ਉਹ ਇਸਾਈਆਂ ਨੂੰ ਮਾਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਮਾਰ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਇਸ ਤੋਂ ਪਹਿਲਾਂ ਸ੍ਰੀ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਇਸਾਈਆਂ ’ਤੇ ਅਤਿਆਚਾਰ ਰੋਕਣ ਵਿੱਚ ਨਾਕਾਮ ਰਹਿਣ ਕਾਰਨ ਪੱਛਮੀ ਅਫਰੀਕੀ ਦੇਸ਼ ਨੂੰ ‘ਵਿਸ਼ੇਸ਼ ਚਿੰਤਾ ਦਾ ਵਿਸ਼ਾ’ ਐਲਾਨ ਕਰ ਰਹੇ ਹਨ। -ਏਪੀ 5 »
