ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੌਤ ਹੋ ਚੁੱਕੇ ਅਧਿਆਪਕ ਚੋਣ ਡਿਊਟੀ ਦੇਣਗੇ!

ਚੋਣ ਰਿਹਰਸਲ ’ਚ ਸ਼ਾਮਲ ਨਾ ਹੋਣ ’ਤੇ ਸਿੱਖਿਆ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ
ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਸੁਖਦਰਸ਼ਨ ਚਹਿਲ ਚੋਣ ਅਮਲੇ ਨੂੰ ਜਾਣਕਾਰੀ ਦਿੰਦੇ ਹੋਏ। -ਫੋਟੋ: ਸਰਬਜੀਤ ਭੰਗੂ
Advertisement

ਸਿੱਖਿਆ ਵਿਭਾਗ ਨੇ ਅਗਾਮੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਸੇਵਾਮੁਕਤ, ਇੱਥੋਂ ਤੱਕ ਕਿ ਫੌਤ ਹੋ ਚੁੱਕੇ ਅਧਿਆਪਕਾਂ ਦੀ ਵੀ ਡਿਊਟੀ ਲਗਾ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਲਾਜ਼ਮੀ ਰਿਹਰਸਲ ’ਚ ਸ਼ਾਮਲ ਨਾ ਹੋਣ ਕਾਰਨ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸੰਭਾਵੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਸੇਵਾ ਅਧੀਨ ਅਧਿਆਪਕਾਂ ਦੀ ਸੂਚੀ ਅਪਡੇਟ ਕੀਤੇ ਬਿਨਾਂ ਵਿਭਾਗ ਨੇ ਲੁਧਿਆਣਾ ਜ਼ੋਨ ’ਚ ਇੱਕ ਮ੍ਰਿਤਕ ਤੇ ਚਾਰ ਸੇਵਾਮੁਕਤ ਅਤੇ ਪਟਿਆਲਾ ਜ਼ੋਨ ’ਚ ਇੱਕ ਮਰਹੂਮ ਤੇ ਇੱਕ ਸੇਵਾਮੁਕਤ ਅਧਿਆਪਕ ਦੀ ਚੋਣ ਡਿਊਟੀ ਲਗਾ ਦਿੱਤੀ। ਇਸ ਕਾਰਵਾਈ ਖ਼ਿਲਾਫ਼ ਅਧਿਆਪਕਾਂ ਨੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ।

ਅਧਿਆਪਕ ਯੂਨੀਅਨ ਦੇ ਨੁਮਾਇੰਦੇ ਨੇ ਕਿਹਾ, ‘‘ਸਰਕਾਰੀ ਸਕੂਲ ਸੰਗੋਵਾਲ ’ਚ ਪੜ੍ਹਾਉਣ ਵਾਲੀ ਗੁਰਦਰਸ਼ਨ ਕੌਰ ਦਾ ਦੇਹਾਂਤ ਹੋ ਚੁੱਕਾ ਹੈ ਤੇ ਉਸ ਦੀ ਹੈਬੋਵਾਲ ਤੇ ਮਾਛੀਵਾਲਾ ਇਲਾਕੇ ਤੋਂ ਸੇਵਾਮੁਕਤ ਅਧਿਆਪਕਾਂ ਅਸ਼ੋਕ ਕੁਮਾਰੀ, ਮੱਖਣ ਸਿੰਘ, ਹਰਜੀਤ ਸਿੰਘ ਤੇ ਅਮਰਜੀਤ ਨਾਲ ਚੋਣ ਡਿਊਟੀ ਲਗਾਈ ਗਈ ਹੈ।’’ ਪਟਿਆਲਾ ਜ਼ੋਨ ’ਚੋਂ ਨੀਤੂ ਕੌਸ਼ਲ ਤੇ ਗੁਰਮੀਤ ਕੌਰ ਦੀ ਚੋਣ ਡਿਊਟੀ ਲਾਈ ਗਈ ਹੈ। ਨੀਤੂ ਕੌਸ਼ਲ ਦਾ ਇਸ ਸਾਲ 9 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ ਤੇ ਗੁਰਮੀਤ ਕੌਰ ਅਪਰੈਲ ਮਹੀਨੇ ਸੇਵਾਮੁਕਤ ਹੋਈ ਸੀ। ਗੁਰਮੀਤ ਕੌਰ ਨੇ ਕਿਹਾ ਕਿ ਪਹਿਲਾਂ ਉਸ ਨੂੰ ਚੋਣ ਰਿਹਰਸਲ ’ਚ ਸ਼ਾਮਲ ਹੋਣ ਲਈ ਪੱਤਰ ਮਿਲਿਆ ਸੀ। ਉਹ ਰਿਹਰਸਲ ’ਚ ਸ਼ਾਮਲ ਨਾ ਹੋਈ ਤਾਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ।

Advertisement

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਮੀਤ ਪ੍ਰਧਾਨ ਦੇਵਿੰਦਰ ਸਿੰਘ ਸਿੱਧੂ ਨੇ ਵਿਭਾਗ ਦੀ ਕਾਰਵਾਈ ਨੂੰ ਵੱਡੀ ਕੁਤਾਹੀ ਦੱਸਦਿਆਂ ਕਿਹਾ ਕਿ ਅਧਿਆਪਕਾਂ ਦੀ ਪੈਨਸ਼ਨ ਤੇ ਸੇਵਾਮੁਕਤੀ ਸਬੰਧੀ ਜਾਣਕਾਰੀ ਵਿਭਾਗ ਵੱਲੋਂ ਰੱਖੀ ਜਾਂਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਰਿਕਾਰਡ ਅਪਡੇਟ ਨਹੀਂ ਕੀਤਾ।

ਸਾਰੀ ਗ਼ਲਤੀ ਸਕੂਲਾਂ ਦੀ ਹੈ: ਸਿੱਖਿਆ ਅਫਸਰ

ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਨੇ ਕਿਹਾ, ‘‘ਇਹ ਸਕੂਲ ਮੁਖੀਆਂ ਜਾਂ ਇੰਚਾਰਜਾਂ ਦੀ ਗ਼ਲਤੀ ਹੈ ਜਿਨ੍ਹਾਂ ਵਾਰ-ਵਾਰ ਕਹਿਣ ਦੇ ਬਾਵਜੂਦ ਆਪਣੇ ਸਟਾਫ ਬਾਰੇ ਵੇਰਵੇ ਅਪਡੇਟ ਨਹੀਂ ਕੀਤੇ। ਇਸ ਲਈ ਸਿੱਖਿਆ ਵਿਭਾਗ ਜਾਂ ਡੀ ਸੀ ਦਫ਼ਤਰ ਨਹੀਂ ਸਿਰਫ਼ ਸਕੂਲ ਜ਼ਿੰਮੇਵਾਰ ਹਨ।’’ ਪਟਿਆਲਾ ਵਿੱਚ ਏ ਡੀ ਸੀ ਨੇ ਮੁਜ਼ਾਹਰਾਕਾਰੀ ਅਧਿਆਪਕਾਂ ਨੂੰ ਮਿਲ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

Advertisement
Show comments