cough syrup ਕਾਰਨ ਮੌਤਾਂ: ਐੱਨ ਐੱਚ ਆਰ ਸੀ ਵੱਲੋਂ ਤਿੰਨ ਰਾਜਾਂ, ਕੇਂਦਰੀ ਸਿਹਤ ਮੰਤਰਾਲੇ ਤੇ ਹੋਰਾਂ ਨੂੰ ਨੋਟਿਸ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਮਿਲਾਵਟੀ ਖੰਘ ਵਾਲੀ ਦਵਾਈ ਕਾਰਨ ਹੋਈਆਂ ਬੱਚਿਆਂ ਦੀਆਂ ਮੌਤਾਂ ਦੇ ਦੋਸ਼ਾਂ ਦੀ ਜਾਂਚ ਕਰਨ ਤੇ ਨਕਲੀ ਦਵਾਈਆਂ ਦੀ ਵਿਕਰੀ ’ਤੇ ਤੁਰੰਤ ਪਾਬੰਦੀ ਲਾਉਣ ਦਾ ਨਿਰਦੇਸ਼ ਦਿੱਤਾ ਹੈ। ਐੱਨ ਐੱਚ ਆਰ ਸੀ ਨੇ ਭਾਰਤੀ ਦਵਾਈ ਕੰਟਰੋਲਰ ਜਨਰਲ (ਡੀ ਸੀ ਜੀ ਆਈ), ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀ ਡੀ ਐੱਸ ਸੀ ਓ), ਸਿਹਤ ਸੇਵਾ ਡਾਇਰੈਕਟੋਰੇਟ ਜਨਰਲ (ਡੀ ਜੀ ਐੱਚ ਐੱਸ) ਅਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਨਕਲੀ ਦਵਾਈਆਂ ਦੀ ਸਪਲਾਈ ਦੀ ਜਾਂਚ ਦਾ ਹੁਕਮ ਦੇਣ ਅਤੇ ਰਾਜਾਂ ’ਚ ਸਾਰੀਆਂ ਖੇਤਰੀ ਲੈਬਾਰਟਰੀਆਂ ਨੂੰ ਨਕਲੀ ਦਵਾਈਆਂ ਦੇ ਨਮੂਨੇ ਇਕੱਠੇ ਕਰਨ ਅਤੇ ਟੈਸਟ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦੇਣ ਨੂੰ ਵੀ ਕਿਹਾ ਹੈ। ਕਮਿਸ਼ਨ ਨੇ ਕਿਹਾ, ‘ਅਥਾਰਿਟੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਬੰਧਤ ਰਾਜਾਂ ਦੇ ਸਾਰੇ ਮੁੱਖ ਦਵਾਈ ਕੰਟਰੋਲਰਾਂ ਨੂੰ ਨਕਲੀ ਦਵਾਈਆਂ ’ਤੇ ਤੁਰੰਤ ਪਾਬੰਦੀ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦੇਣ।’ -ਪੀਟੀਆਈ