ਮੰਡੀ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਵਿਚਾਲੇ ਬਚਾਅ ਕਰਮੀਆਂ ਨੇ ਮੰਡੀ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਤੋਂ ਬਾਅਦ ਮਲਬੇ ਹੇਠੋਂ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ ਜਿਸ ਨਾਲ ਇਸ ਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ ਜਦਕਿ ਕੁੱਲੂ ਜ਼ਿਲ੍ਹੇ ’ਚ ਦੋ ਮਕਾਨ ਢਹਿਣ ਕਾਰਨ ਐੱਨ ਡੀ ਆਰ ਐੱਫ ਦੇ ਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇੱਕ ਸਰਕਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਸੂਬੇ ’ਚ ਸਾਰੇ ਸਰਕਾਰੀ ਤੇ ਨਿੱਜੀ ਸਕੂਲ ਤੇ ਕਾਲਜ ਸੱਤ ਸਤੰਬਰ ਤੱਕ ਬੰਦ ਰਹਿਣਗੇ। ਇਸੇ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਚੰਬਾ ਪ੍ਰਸ਼ਾਸਨ ਨੂੰ ਮਨੀਮਹੇਸ਼ ਯਾਤਰਾ ’ਤੇ ਫਸੇ ਸ਼ਰਧਾਲੂਆਂ ਨੂੰ ਤੁਰੰਤ ਕੱਢਣ ਤੇ ਹਵਾਈ ਸੈਨਾ ਨਾਲ ਤਾਲਮੇਲ ਕਰਕੇ ਤਕਰੀਬਨ ਛੇ ਐੱਮਆਈ-17 ਹੈਲੀਕਾਪਟਰ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਸ਼ਾਮ ਸੁੰਦਰ ਨਗਰ ਖੇਤਰ ’ਚ ਬੀ ਬੀ ਐੱਮ ਬੀ ਕਲੋਨੀ ਨੇੜੇ ਡਿੱਗੀਆਂ ਢਿੱਗਾਂ ਦੀ ਲਪੇਟ ’ਚ ਆਏ ਚਾਰ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਨਾਲ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਸੁੰਦਰਨਗਰ ਦੇ ਐੱਸ ਡੀ ਐੱਮ ਅਮਰ ਨੇਗੀ ਨੇ ਦੱਸਿਆ ਕਿ ਸੱਤ ’ਚੋਂ ਪੰਜ ਵਿਅਕਤੀ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਮ੍ਰਿਤਕਾਂ ’ਚੋਂ ਤਿੰਨ ਦੀ ਪਛਾਣ ਸੁਰਿੰਦਰ ਕੌਰ, ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਤੇ ਪ੍ਰਕਾਸ਼ ਸ਼ਰਮਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲੂ ਜ਼ਿਲ੍ਹੇ ਦੇ ਅਖਾੜਾ ਬਾਜ਼ਾਰ ਖੇਤਰ ’ਚ ਲੰਘੀ ਦੇਰ ਰਾਤ ਢਿੱਗਾਂ ਡਿੱਗਣ ਤੋਂ ਬਾਅਦ ਦੋ ਮਕਾਨ ਢਹਿ ਗਏ ਅਤੇ ਮਲਬੇ ਹੇਠ ਦੱਬਣ ਕਾਰਨ ਐੱਨ ਡੀ ਆਰ ਐੱਫ ਦੇ ਜਵਾਨ ਸਮੇਤ ਦੋ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕਿੰਨੌਰ ਜ਼ਿਲ੍ਹੇ ਦੇ ਵਾਂਗਤੂ ’ਚ ਸੜਕ ਕਿਨਾਰੇ ਖੜ੍ਹੇ ਪੰਜ ਟਰੱਕ ਪਹਾੜ ਤੋਂ ਡਿੱਗੇ ਪੱਥਰਾਂ ਦੀ ਲਪੇਟ ’ਚ ਆਉਣ ਕਾਰਨ ਨੁਕਸਾਨੇ ਗਏ ਜਦਕਿ ਮੰਡੀ ਦੇ ਜੋਗਿੰਦਰਨਗਰ ਦੇ ਕੁੰਦਨੀ ਪਿੰਡ ’ਚ ਢਿੱਗਾਂ ਡਿੱਗਣ ਦੇ ਖਤਰੇ ਨੂੰ ਦੇਖਦਿਆਂ 15 ਘਰਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਐੱਨਐੱਚ-21 (ਚੰਡੀਗੜ੍ਹ ਤੋਂ ਮਨਾਲੀ) ਤੇ ਐੱਨਐੱਚ 205 (ਖਰੜ ਤੋਂ ਸਵਾਰਘਾਟ) ਸਮੇਤ 1162 ਸੜਕਾਂ ਆਵਾਜਾਈ ਲਈ ਬੰਦ ਹਨ ਜਿਨ੍ਹਾਂ ’ਚੋਂ 289 ਸੜਕਾਂ ਮੰਡੀ, 234 ਸ਼ਿਮਲਾ, 205 ਕੁੱਲੂ ’ਚ ਹਨ। ਸ਼ਿਮਲਾ-ਕਾਲਕਾ ਰੇਲਵੇ ਟਰੈਕ ’ਤੇ ਢਿੱਗਾਂ ਡਿੱਗਣ ਮਗਰੋਂ ਇਸ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ 5 ਸਤੰਬਰ ਤੱਕ ਰੱਦ ਕੀਤੀਆਂ ਗਈਆਂ ਹਨ।