ਦਿਨ 3: ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ 'ਤੇ ED ਦੀ ਛਾਪੇਮਾਰੀ ਜਾਰੀ
ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਮੁੰਬਈ ਵਿੱਖੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਕੰਪਨੀਆਂ 'ਤੇ ਲਗਾਤਾਰ ਤੀਜੇ ਦਿਨ ਵਿੱਚ ਛਾਪੇਮਾਰੀ ਜਾਰੀ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਦਸਤਾਵੇਜ਼ ਅਤੇ ਕੰਪਿਊਟਰ ਉਪਕਰਣ ਬਰਾਮਦ ਕੀਤੇ ਗਏ ਹਨ।
ਦਰਅਸਲ ਇਹ ਛਾਪੇਮਾਰੀ 3,000 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਕੀਤੀ ਜਾ ਰਹੀ ਹੈ।
ਸੂਤਰਾਂ ਦੇ ਮੁਤਾਬਕ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਇਹ ਤਲਾਸ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਮੁਬੰਈ ਵਿੱਚ 35 ਤੋਂ ਵਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਜਾਂਚ ਮੁੱਖ ਤੌਰ 'ਤੇ ਯੈੱਸ ਬੈਂਕ ਵੱਲੋਂ 2017-2019 ਦੇ ਵਿਚਕਾਰ ਅੰਬਾਨੀ ਸਮੂਹ ਦੀਆਂ ਕੰਪਨੀਆਂ ਨੂੰ ਦਿੱਤੇ ਗਏ ਲਗਭਗ 3,000 ਕਰੋੜ ਰੁਪਏ ਦੇ ਗੈਰ-ਕਾਨੂੰਨੀ ਕਰਜ਼ੇ ਦੇ ਨਾਲ ਸਬੰਧਤ ਹੈ।
ਦੂਜੇ ਪਾਸੇ ਰਿਲਾਇੰਸ ਗਰੁੱਪ ਦੀਆਂ ਦੋ ਕੰਪਨੀਆਂ ਰਿਲਾਇੰਸ ਪਾਵਰ ਅਤੇ ਰਿਲਾਇੰਸ ਇਨਫਰਾਸਟਰੱਕਚਰ ਨੇ ਸਟਾਕ ਐਕਸਚੇਂਜਾਂ ਨੂੰ ਦੱਸਿਆ ਕਿ ਉਹ ਇਸ ਕਾਰਵਾਈ ਵਿੱਚ ਈਡੀ ਨੂੰ ਸਹਿਯੋਗ ਦੇ ਰਹੇ ਹਨ, ਪਰ ਇਸ ਕਾਰਵਾਈ ਨਾਲ ਕਰਮਚਾਰੀਆਂ, ਹਿੱਸੇਦਾਰਾਂ ਅਤੇ ਕੰਮਕਾਜ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।