ਦਾਰਜੀਲਿੰਗ: ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 23 ਮੌਤਾਂ
ਕੌਮੀ ਆਫ਼ਤ ਪ੍ਰਬੰਧਨ ਬਲ (NDRF) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਪੋਰਟਾਂ ਮੁਤਾਬਕ ਜਾਨੀ ਨੁਕਸਾਨ ਸਾਰਸੇਲੀ, ਜਸਬੀਰਗਾਓਂ, ਮਿਰਿਕ ਬਸਤੀ, ਧਾਰ ਗਾਓਂ, ਨਗਰਕਾਤਾ ਅਤੇ ਮਿਰਿਕ ਲੇਕ ਇਲਾਕੇ ’ਚ ਹੋਇਆ ਹੈ। NDRF ਮੁਤਾਬਕ 11 ਵਿਅਕਤੀਆਂ ਦੀ ਮੌਤ ਮਿਰਿਕ ’ਚ ਹੋਈ ਹੈ ਜਿਥੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਦਾਰਜੀਲਿੰਗ ’ਚ ਸੱਤ ਵਿਅਕਤੀ ਮਾਰੇ ਗਏ ਹਨ। ਦਾਰਜੀਲਿੰਗ ਦੇ ਸਬ-ਡਿਵੀਜ਼ਨਲ ਅਫ਼ਸਰ ਰਿਚਰਡ ਲੇਪਚਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੁਲੀਸ, ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਭਲਕੇ ਖ਼ਿੱਤੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭੂਟਾਨ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਉੱਤਰੀ ਬੰਗਾਲ ’ਚ ਪਾਣੀ ਆਇਆ ਹੈ ਅਤੇ ਕੁਦਰਤੀ ਆਫ਼ਤ ਕਿਸੇ ਦੇ ਵੱਸ ’ਚ ਨਹੀਂ ਹੈ। ਢਿੱਗਾਂ ਡਿੱਗਣ ਕਾਰਨ ਰਸਤੇ ਬੰਦ ਹੋ ਗਏ ਹਨ ਜਿਸ ਕਾਰਨ ਖ਼ਿੱਤੇ ’ਚ ਹਜ਼ਾਰਾਂ ਸੈਲਾਨੀ ਫਸ ਗਏ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੇ ਪ੍ਰਬੰਧ ਕਰੇਗੀ। ਧਾਰ ਗਾਓਂ ਅਤੇ ਨਗਰਕਾਤਾ ’ਚ ਕਈ ਘਰ ਮਲਬੇ ’ਚ ਤਬਦੀਲ ਹੋ ਗਏ ਅਤੇ ਉਥੋਂ 40 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਉੱਤਰੀ ਬੰਗਾਲ ਦੇ ਵਿਕਾਸ ਮੰਤਰੀ ਉਦਯਨ ਗੁਹਾ ਨੇ ਕਿਹਾ ਕਿ ਹਾਲਾਤ ਮਾੜੇ ਹਨ। ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਕੁਦਰਤੀ ਕਹਿਰ ’ਚ 21 ਮੌਤਾਂ ਹੋਈਆਂ ਹਨ। ਐੱਨ ਡੀ ਆਰ ਐੱਫ ਮੁਤਾਬਕ ਦਾਰਜੀਲਿੰਗ ਜ਼ਿਲ੍ਹੇ ਅਤੇ ਉੱਤਰੀ ਸਿੱਕਮ ’ਚ ਸੜਕ ਸੰਪਰਕ ਟੁੱਟ ਗਿਆ ਹੈ। ਸਿਲੀਗੁੜੀ ਨੂੰ ਮਿਰਿਕ-ਦਾਰਜੀਲਿੰਗ ਰੂਟ ਨਾਲ ਜੋੜਨ ਵਾਲੇ ਲੋਹੇ ਦੇ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰਾਂ ਨੇ ਪੱਛਮੀ ਬੰਗਾਲ ਦੇ ਦਾਰਜੀਲਿੰਗ ’ਚ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜਾਨੀ ਨੁਕਸਾਨ ’ਤੇ ਅਫ਼ਸੋਸ ਜਤਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਦਾਰਜੀਲਿੰਗ ਅਤੇ ਨੇੜਲੇ ਇਲਾਕਿਆਂ ’ਚ ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ NDRF ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਜੇ ਲੋੜ ਪਈ ਤਾਂ ਹੋਰ ਜਵਾਨਾਂ ਨੂੰ ਦਾਰਜੀਲਿੰਗ ਭੇਜਿਆ ਜਾਵੇਗਾ। ਉਨ੍ਹਾਂ ਦਾਰਜੀਲਿੰਗ ਦੇ ਸੰਸਦ ਮੈਂਬਰ ਰਾਜੂ ਬਿਸਤਾ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਨੂੰ ਕਿਹਾ ਕਿ ਉਹ ਦਾਰਜੀਲਿੰਗ ਅਤੇ ਸਿੱਕਮ ’ਚ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾਏ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਵੀ ਬਚਾਅ ਕਾਰਜਾਂ ’ਚ ਸਹਿਯੋਗ ਦੇਣ ਲਈ ਕਿਹਾ ਹੈ। -ਪੀਟੀਆਈ