ਖ਼ਤਰੇ ਦੀ ਘੰਟੀ: ਅੱਜ ਮੁੜ ਖੁੱਲ੍ਹਣਗੇ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸ਼ਨਿਚਰਵਾਰ ਦੁਪਹਿਰ 12 ਵਜੇ ਤੋਂ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਭਿਆਨਕ ਹੜ੍ਹਾਂ ਦੀ ਮਾਰ ’ਚੋਂ ਉੱਭਰ ਰਹੇ ਪੰਜਾਬ ਨੂੰ ਮੁੜ ਹੜ੍ਹਾਂ ਦਾ ਖ਼ੌਫ਼ ਸਤਾਉਣ ਲੱਗ ਪਿਆ ਹੈ। ਸਰਕਾਰ ਨੇ ਨਵੀਂ ਬਿਪਤਾ ਨੂੰ ਦੇਖਦਿਆਂ ਸੂਬੇ ਦੇ 17 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਲਰਟ ਕਰ ਦਿੱਤਾ ਹੈ।
ਰਣਜੀਤ ਸਾਗਰ ਡੈਮ ਤੋਂ ਪਹਿਲਾਂ ਹੀ ਦੋ ਦਿਨਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਰਾਵੀ ’ਚ ਅੱਜ 35 ਹਜ਼ਾਰ ਕਿਊਸਕ ਪਾਣੀ ਵਹਿ ਰਿਹਾ ਹੈ। ਡੈਮਾਂ ’ਚੋਂ ਪਾਣੀ ਛੱਡੇ ਜਾਣ ਕਾਰਨ ਦਰਿਆਵਾਂ ’ਚ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਜਾਵੇਗਾ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਨਵੇਂ ਹਾਲਾਤ ਨੂੰ ਦੇਖਦਿਆਂ ਅੱਜ ਤਕਨੀਕੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਕੀਤੀ ਜਿਸ ’ਚ 6-7 ਅਕਤੂਬਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਨੂੰ ਹਰੀ ਝੰਡੀ ਦਿੱਤੀ ਗਈ। ਸ਼ਨਿਚਰਵਾਰ ਦੁਪਹਿਰ 12 ਵਜੇ ਭਾਖੜਾ ਡੈਮ ਤੋਂ 43 ਹਜ਼ਾਰ ਕਿਊਸਕ ਪਾਣੀ ਛੱਡਿਆ ਜਾਵੇਗਾ। ਇਸੇ ਤਰ੍ਹਾਂ ਪੌਂਗ ਡੈਮ ਤੋਂ ਅੱਜ 17,173 ਕਿਊਸਕ ਪਾਣੀ ਛੱਡਿਆ ਗਿਆ। ਬੀ ਬੀ ਐੱਮ ਬੀ ਵੱਲੋਂ ਪੌਂਗ ਡੈਮ ਤੋਂ ਸ਼ਨਿਚਰਵਾਰ ਨੂੰ ਦੁਪਹਿਰ 12 ਵਜੇ ਕੁੱਲ 50 ਹਜ਼ਾਰ ਕਿਊਸਕ ਪਾਣੀ ਛੱਡਿਆ ਜਾਵੇਗਾ। ਪੌਂਗ ਡੈਮ ਦੇ ਫਲੱਡ ਗੇਟਾਂ ਜ਼ਰੀਏ 32 ਹਜ਼ਾਰ ਕਿਊਸਕ ਪਾਣੀ ਛੱਡਿਆ ਜਾਵੇਗਾ। ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧੇਗਾ। ਰਾਵੀ ਦਰਿਆ ਦੀ ਤਬਾਹੀ ’ਚੋਂ ਪਹਿਲਾਂ ਹੀ ਲੋਕ ਨਹੀਂ ਉੱਭਰੇ ਹਨ ਕਿ ਹੁਣ ਮੁੜ ਕਰੀਬ 22 ਖੱਡਾਂ ਦਾ ਪਾਣੀ ਰਾਵੀ ’ਚ ਆਉਣ ਦਾ ਖ਼ਦਸ਼ਾ ਬਣ ਗਿਆ ਹੈ। ਦਰਿਆਵਾਂ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੀਂਹ ਆਉਣ ਦੀ ਸੂਰਤ ’ਚ ਮੁੜ ਉਜਾੜਾ ਝੱਲਣਾ ਪੈ ਸਕਦਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 4 ਅਕਤੂਬਰ ਨੂੰ ਦੇਰ ਸ਼ਾਮ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ 6-7 ਅਕਤੂਬਰ ਨੂੰ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਦੱਸਿਆ ਜਾ ਰਿਹਾ ਹੈ ਕਿ ਭਵਿੱਖਬਾਣੀ ਸੱਚ ਹੋਈ ਤਾਂ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਪੈਣ ਵਾਲਾ ਮੀਂਹ ਦਹਾਕਿਆਂ ਪੁਰਾਣੇ ਰਿਕਾਰਡ ਤੋੜ ਦੇਵੇਗਾ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਜਲੰਧਰ, ਕਪੂਰਥਲਾ, ਪਟਿਆਲਾ, ਲੁਧਿਆਣਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਮਾਨਸਾ, ਨਵਾਂ ਸ਼ਹਿਰ, ਮੋਗਾ, ਮੁਕਤਸਰ, ਬਰਨਾਲਾ, ਫ਼ਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਪਠਾਨਕੋਟ ਨੂੰ ਅਲਰਟ ਕਰ ਦਿੱਤਾ ਹੈ। ਫ਼ੌਜ ਤੋਂ ਇਲਾਵਾ ਐੱਨ ਡੀ ਆਰ ਐੱਫ ਨੂੰ ਵੀ ਮੁਸਤੈਦ ਕੀਤਾ ਗਿਆ ਹੈ। ਹੜ੍ਹਾਂ ਕਾਰਨ ਪਹਿਲਾਂ ਹੀ ਕਰੀਬ 60 ਜਾਨਾਂ ਜਾ ਚੁੱਕੀਆਂ ਹਨ ਅਤੇ 34 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਪੰਜ ਲੱਖ ਏਕੜ ਫ਼ਸਲ ਵੀ ਤਬਾਹ ਹੋ ਚੁੱਕੀ ਹੈ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵੱਡੀ ਢਾਹ ਲੱਗੀ ਹੈ।