ਅਤਿਵਾਦ ਨੂੰ ਹੱਲਾਸ਼ੇਰੀ ਦੇ ਰਹੇ ਨੇ ਦਲਵਈ: ਪੂਨਾਵਾਲਾ
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਹੁਸੈਨ ਦਲਵਈ ਵੱਲੋਂ ਦਿੱਲੀ ਧਮਾਕੇ ਵਿੱਚ ਆਰ ਐੱਸ ਐੱਸ ਦੀ ਭੂਮਿਕਾ ਦੀ ਜਾਂਚ ਮੰਗਣ ’ਤੇ ਭਾਜਪਾ ਦੇ ਤਰਜਮਾਨ ਸ਼ਹਿਬਜ਼ਾਦ ਪੂਨਾਵਾਲਾ ਨੇ ਦਲਵਈ ਨੂੰ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਕਰਾਰ ਦਿੱਤਾ ਹੈ। ਦਲਵਈ ਨੇ ਚੋਣਾਂ ਦੌਰਾਨ ਵਾਰ-ਵਾਰ ਧਮਾਕੇ ਹੋਣ ਦੇ ਸਮੇਂ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਆਰ ਐੱਸ ਐੱਸ ਦੇ ਕੁਝ ਧੜੇ ਅਤਿਵਾਦ ਦਾ ਸਮਰਥਨ ਕਰ ਸਕਦੇ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਧਮਾਕੇ ਨੂੰ ਕਸ਼ਮੀਰ ਵਿੱਚ ਹੋ ਰਹੀ ‘ਬੇਇਨਸਾਫ਼ੀ’ ਨਾਲ ਵੀ ਜੋੜਿਆ ਸੀ। ਇਸ ’ਤੇ ਪੂਨਾਵਾਲਾ ਨੇ ਕਿਹਾ ਕਿ ਮਹਿਬੂਬਾ ਮੁਫ਼ਤੀ ਅਤੇ ਪੀ ਚਿਦੰਬਰਮ ਵਾਂਗ ਦਲਵਈ ਅਤਿਵਾਦ ਨੂੰ ਜਾਇਜ਼ ਠਹਿਰਾ ਰਹੇ ਹਨ। ਇਸੇ ਤਰ੍ਹਾਂ ਭਾਜਪਾ ਆਗੂ ਅਮਿਤ ਮਾਲਵੀਆ ਨੇ ਵੀ ਕਾਂਗਰਸ ਨੂੰ ‘ਮੁਸਲਿਮ ਲੀਗ ਮਾਓਵਾਦੀ ਕਾਂਗਰਸ’ ਕਿਹਾ ਹੈ। ਭਾਜਪਾ ਆਗੂ ਪ੍ਰਦੀਪ ਭੰਡਾਰੀ ਨੇ ਕਿਹਾ , ‘‘ਰਾਹੁਲ ਗਾਂਧੀ ਦੀ ਕਾਂਗਰਸ ਨੇ ਲਾਲ ਕਿਲਾ ਧਮਾਕੇ ਦੇ ਅਤਿਵਾਦੀਆਂ ਨੂੰ ਜਾਇਜ਼ ਠਹਿਰਾਉਣਾ ਅਤੇ ਉਨ੍ਹਾਂ ਦਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਆਖਰ ਰਹੇ ਹਨ, ‘ਵਾਦੀ ਵਿੱਚ ਹੋ ਰਹੀ ਬੇਇਨਸਾਫ਼ੀ ਦੇ ਨਤੀਜੇ ਨਿਕਲਣਗੇ।’’ ਉਨ੍ਹਾਂ ਦੋਸ਼ ਲਾਇਆ ਕਾਂਗਰਸ ਲਈ ਦੇਸ਼ ਅਖੀਰ ’ਤੇ ਹੈ।
ਮਹਿਬੂਬਾ ਦੇ ਬਿਆਨ ਦੀ ਨਿਖੇਧੀ
ਨਵੀਂ ਦਿੱਲੀ: ਦਿੱਲੀ ਧਮਾਕੇ ਬਾਰੇ ਪੀ ਡੀ ਪੀ ਮੁਖੀ ਮਹਿਬੂਬਾ ਮੁਫ਼ਤੀ ਦੇ ਬਿਆਨ ’ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਭਾਜਪਾ ਦੇ ਤਰਜਮਾਨ ਨਲਿਨ ਕੋਹਲੀ ਨੇ ਮਹਿਬੂਬਾ ਨੂੰ ਕਿਹਾ ਕਿ ਉਹ ਇਹ ਤੈਅ ਕਰਨ ਕਿ ਉਹ ਅਤਿਵਾਦ ਦੇ ਖ਼ਿਲਾਫ਼ ਹਨ ਜਾਂ ਨਹੀਂ। ਉਨ੍ਹਾਂ ਕਿਹਾ, ‘‘ਅਤਿਵਾਦ ਖ਼ਿਲਾਫ਼ ਕੋਈ ਵਿਚਕਾਰਲਾ ਰਾਹ ਨਹੀਂ ਹੁੰਦਾ।’’ ਦਰਅਸਲ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਕਿਹਾ ਸੀ, ‘‘ਤੁਸੀਂ (ਕੇਂਦਰ ਸਰਕਾਰ) ਦੁਨੀਆ ਨੂੰ ਦੱਸਿਆ ਕਿ ਕਸ਼ਮੀਰ ਵਿੱਚ ਸਭ ਠੀਕ ਹੈ, ਪਰ ਕਸ਼ਮੀਰ ਦੀਆਂ ਮੁਸ਼ਕਲਾਂ ਲਾਲ ਕਿਲ੍ਹੇ ਦੇ ਸਾਹਮਣੇ ਗੂੰਜ ਪਈਆਂ।’’ -ਏਐੱਨਆਈ
