ਦਹੀ ਹਾਂਡੀ ਸਮਾਰੋਹ: ਮੁੰਬਈ ਤੇ ਠਾਣੇ ’ਚ ਦੋ ਮੌਤਾਂ; 300 ਤੋਂ ਵੱਧ ਜ਼ਖ਼ਮੀ
ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਵਿੱਚ ਜ਼ਖ਼ਮੀ ਹੋਏ 318 ਜਣਿਆਂ ਵਿੱਚੋਂ ਸਿਰਫ਼ 24 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਸ ਵਿੱਚ ਇੱਕ ਨੌਂ ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਦਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਗਿਆ।
ਅਧਿਕਾਰੀਆਂ ਮੁਤਾਬਕ ਨੌਂ ਸਾਲਾ ਬੱਚੇ ਸਣੇ ਜ਼ਖ਼ਮੀ ਹੋਏ ਦੋ ਜਣਿਆਂ ਦੀ ਹਾਲਤ ਗੰਭੀਰ ਹੈ। ਇਸੇ ਤਰ੍ਹਾਂ ਮਾਨਖੁਰਦ ਵਿੱਚ ‘ਦਹੀ ਹਾਂਡੀ’ ਬੰਨ੍ਹਦੇ ਸਮੇਂ 32 ਸਾਲਾ ਵਿਅਕਤੀ ਦੀ ਡਿੱਗਣ ਕਾਰਨ ਮੌਤ ਹੋ ਗਈ, ਜਿਸ ਦੀ ਪਛਾਣ ਜਗਮੋਹਨ ਸ਼ਿਵਕਿਰਨ ਚੌਧਰੀ ਵਜੋਂ ਹੋਈ ਹੈ, ਜਦਕਿ ਘਾਟਕੋਪਰ ਦੇ ਹਸਪਤਾਲ ਵਿੱਚ ਸ਼ਨਿੱਚਰਵਾਰ ਰਾਤ ਨੂੰ ਇੱਕ ਚੌਦਾਂ ਸਾਲਾ ਲੜਕੇ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।
ਠਾਣੇ ਵਿੱਚ ਦਹੀ ਹਾਂਡੀ ਸਮਾਰੋਹ ਦੌਰਾਨ 22 ਜਣੇ ਜ਼ਖ਼ਮੀ ਹੋ ਗਏ। ਠਾਣੇ ਵਿੱਚ ਦਹੀ ਹਾਂਡੀ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਅਦਾਕਾਰ ਗੋਵਿੰਦਾ, ਚੰਕੀ ਪਾਂਡੇ ਅਤੇ ਸੁਨੀਲ ਸ਼ੈਟੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ। ਭੀੜ ਕਾਰਨ ਇੱਥੇ ਕਈ ਲੋਕਾਂ ਦੇ ਮੋਢਿਆਂ, ਗੋਡਿਆਂ ਅਤੇ ਪਿੱਠ ’ਚ ਗੁੱਝੀਆਂ ਸੱਟਾਂ ਲੱਗੀਆਂ।