ਚੱਕਰਵਾਤੀ ਤੂਫਾਨ ਆਂਧਰਾ ਪ੍ਰਦੇਸ਼ ਤੱਟ ਨਾਲ ਟਕਰਾਇਆ; ਕਈ ਘਰ ਡਿੱਗੇ
ਚੱਕਰਵਾਤੀ ਤੂਫਾਨ ਮੋਂਥਾ ਅੱਜ ਦੇਰ ਸ਼ਾਮ ਆਂਧਰਾ ਪ੍ਰਦੇਸ਼ ਦੇ ਮਛਲੀਪਟਨਮ ਤਟ ਨਾਲ ਜਾ ਟਕਰਾਇਆ ਜਿਸ ਕਾਰਨ ਸਮੁੰਦਰੀ ਕੱਢੇ ਵਸੇ ਕਈ ਲੋਕਾਂ ਦੇ ਘਰ ਡਿੱਗ ਗਏ। ਇਸ ਵੇਲੇ ਸੌ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਕਾਰਨ ਕਈ ਘਰ ਡਿੱਗ ਗਏ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤੂਫਾਨ ਕਾਰਨ ਸਮੁੰਦਰ ਵਿਚ 16 ਫੁੱਟ ਉਚੀਆਂ ਲਹਿਰਾਂ ਉਠ ਸਕਦੀਆਂ ਹਨ। ਦੂਜੇ ਪਾਸੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਮਛਿਆਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਚੱਕਰਵਾਤੀ ਤੂਫਾਨ ਮੋਂਥਾ ਦੇ ਮੱਦੇਨਜ਼ਰ ਤਿਲੰਗਾਨਾ ਦੇ ਸ਼ਮਸ਼ਾਬਾਦ ਅਤੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ, ਵਿਸ਼ਾਖਾਪਟਨਮ ਅਤੇ ਰਾਜਾਮੁੰਦਰੀ ਹਵਾਈ ਅੱਡਿਆਂ ਦਰਮਿਆਨ ਚੱਲਣ ਵਾਲੀਆਂ 37 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਕੀਨਾਡਾ ਦੇ ਆਲੇ-ਦੁਆਲੇ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ 30 ਇੰਡੀਗੋ, ਦੋ ਏਅਰ ਇੰਡੀਆ ਅਤੇ ਪੰਜ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਮੌਸਮ ਵਿਭਾਗ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਐਸਸੀਐਸ ਮੋਂਥਾ ਉੱਤਰ-ਉੱਤਰ-ਪੱਛਮ ਵੱਲ ਵਧ ਰਿਹਾ ਹੈ। ਇਸ ਨਾਲ ਆਂਧਰਾ ਪ੍ਰਦੇਸ਼ ਦੇ 39 ਹਲਕਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਮੰਤਰੀਆਂ, ਸੰਸਦ ਮੈਂਬਰਾਂ ਤੇ ਅਧਿਕਾਰੀਆਂ ਨੂੰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ ਚੱਕਰਵਾਤੀ ਤੂਫ਼ਾਨ ਮੋਂਥਾ ਕਰਕੇ ਦੱਖਣੀ ਉੜੀਸਾ ਦੇ ਅੱਠ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਸੂਬਾ ਸਰਕਾਰ ਨੇ ਮਲਕਾਨਗਿਰੀ, ਕੋਰਾਪੁਟ, ਰਾਏਗੜਾ, ਗਜਪਤੀ, ਗੰਜਮ, ਨਬਰੰਗਪੁਰ, ਕਾਲਾਹਾਂਡੀ ਅਤੇ ਕੰਧਮਾਲ ਦੇ ਨੀਵੇਂ ਇਲਾਕਿਆਂ ਅਤੇ ਜ਼ਮੀਨ ਖਿਸਕਣ ਵਾਲੇ ਪਹਾੜੀ ਖੇਤਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਹੈ। ਪੂਰਬੀ ਤੱਟ ਰੇਲਵੇ ਨੇ ਵਾਲਟੇਅਰ ਖੇਤਰ ਅਤੇ ਨਾਲ ਲੱਗਦੇ ਰੂਟਾਂ ਵਿੱਚ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਨੂੰ ਰੱਦ ਕਰਨ, ਡਾਇਵਰਟ ਕਰਨ ਅਤੇ ਅਸਥਾਈ ਤੌਰ ’ਤੇ ਰੋਕਣ ਦਾ ਐਲਾਨ ਕੀਤਾ ਹੈ। ਇਸ ਕਾਰਨ ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਿਰੂਵਲੂਰ ਜ਼ਿਲ੍ਹਾ ਕੁਲੈਕਟਰ ਐਮ. ਪ੍ਰਤਾਪ ਨੇ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਗਲਵਾਰ ਨੂੰ ਸਕੂਲਾਂ ਲਈ ਛੁੱਟੀ ਦਾ ਐਲਾਨ ਕੀਤਾ। ਚੇਨਈ ਵਿੱਚ ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਅਨੁਸਾਰ, ਚੇਂਗਲਪੱਟੂ, ਚੇਨਈ, ਕਾਂਚੀਪੁਰਮ, ਰਾਣੀਪੇਟ, ਤਿਰੂਵਲੂਰ, ਤਿਰੂਵੰਨਮਲਾਈ, ਵੇਲੋਰ, ਤਿਰੂਪੱਤੂਰ, ਵਿੱਲੂਪੁਰਮ, ਟੇਨਕਾਸੀ, ਤਿਰੂਨੇਲਵੇਲੀ, ਥੂਥੂਕੁੜੀ ਅਤੇ ਕੰਨਿਆਕੁਮਾਰੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਗਰਜ ਅਤੇ ਬਿਜਲੀ ਦੇ ਨਾਲ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ 29 ਅਕਤੂਬਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।ਏਐੱਨਆਈ
