ਕਟਕ: ਦੁਰਗਾ ਮੂਰਤੀ ਜਲ ਪ੍ਰਵਾਹ ਦੌਰਾਨ ਹਿੰਸਕ ਝੜਪ
ਇੱਥੇ ਅੱਜ ਤੜਕੇ ਦੁਰਗਾ ਪੂਜਾ ਦੇ ਮੂਰਤੀ ਜਲ ਪ੍ਰਵਾਹ ਕਰਨ ਦੌਰਾਨ ਦੋ ਧੜਿਆਂ ਵਿੱਚ ਝੜਪ ਤੋਂ ਬਾਅਦ ਪੁਲੀਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਰਿਸ਼ੀਕੇਸ਼ ਖਿਲਾੜੀ ਸਮੇਤ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਘਟਨਾ ਦਰਾਘਾਬਾਜ਼ਾਰ ਇਲਾਕੇ ਦੇ ਹਾਤੀਪੋਖਰੀ ਨੇੜੇ ਤੜਕੇ 2 ਵਜੇ ਦੇ ਕਰੀਬ ਵਾਪਰੀ। ਜਲੂਸ ਉੱਚੀ ਸੰਗੀਤ ਵਜਾਉਂਦਾ ਹੋਇਆ ਕਾਠਜੋੜੀ ਨਦੀ ਦੇ ਕੰਢੇ ਸਥਿਤ ਦੇਬੀਗੜਾ ਵੱਲ ਜਾ ਰਿਹਾ ਸੀ, ਜਿਸ ’ਤੇ ਸਥਾਨਕ ਲੋਕਾਂ ਨੇ ਇਤਰਾਜ਼ ਕੀਤਾ। ਪੁਲੀਸ ਕਮਿਸ਼ਨਰ ਐੱਸ. ਦੇਵ ਦੱਤ ਸਿੰਘ ਨੇ ਦੱਸਿਆ ਕਿ ਇਸ ਹਿੰਸਾ ਸਬੰਧੀ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉੱਚੀ ਸੰਗੀਤ ਵਜਾਉਣ ਨੂੰ ਲੈ ਕੇ ਹੋਇਆ ਵਿਵਾਦ ਜਲਦੀ ਹੀ ਵਧ ਗਿਆ ਅਤੇ ਦੋਵਾਂ ਧੜਿਆਂ ਨੇ ਇੱਕ-ਦੂਜੇ ’ਤੇ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਪੁਲੀਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਭੀੜ ’ਤੇ ਲਾਠੀਚਾਰਜ ਕਰਨਾ ਪਿਆ। ਜਦੋਂ ਇੱਕ ਹੋਰ ਜਲੂਸ ਉਸ ਇਲਾਕੇ ਵਿੱਚ ਪਹੁੰਚਿਆ ਤਾਂ ਤਣਾਅ ਮੁੜ ਵਧ ਗਿਆ। ਸਥਿਤੀ ਨਾਲ ਨਜਿੱਠਣ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਨੂੰ ਬੁਲਾਇਆ ਗਿਆ ਅਤੇ ਭਾਰੀ ਸੁਰੱਖਿਆ ਹੇਠ ਸਵੇਰੇ ਜਲੂਸ ਮੁੜ ਸ਼ੁਰੂ ਹੋਇਆ। ਗ੍ਰਹਿ ਵਿਭਾਗ ਦਾ ਚਾਰਜ ਸੰਭਾਲ ਰਹੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਦਿੱਲੀ ਤੋਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਡੀਜੀਪੀ ਵਾਈ ਬੀ ਖੁਰਾਨੀਆ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ।