ਹਿੰਸਕ ਝੜਪਾਂ ਮਗਰੋੋਂ ਲੱਦਾਖ ’ਚ ਕਰਫਿਊ ਆਇਦ, ਭਾਰੀ ਸੁੁਰੱਖਿਆ ਬਲ ਤਾਇਨਾਤ
ਲੇਹ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਇਕ ਦਿਨ ਮਗਰੋਂ ਪੁਲੀਸ ਅਤੇ ਨੀਮ ਫੌਜੀ ਬਲਾਂ ਵੱਲੋਂ ਵੀਰਵਾਰ ਨੂੰ ਕਰਫਿਊ ਲਗਾਉਣ ਮਗਰੋਂ ਘੱਟੋ-ਘੱਟ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੁੱਧਵਾਰ ਨੂੰ ਹੋਈਆਂ ਵਿਆਪਕ ਝੜਪਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਦੋਂਕਿ 80 ਤੋਂ ਵੱਧ ਹੋਰ ਜ਼ਖਮੀ ਹੋ ਗਏ ਸਨ। ਲੇਹ ਐਪਕਸ ਬਾਡੀ (LAB) ਨੇ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 6ਵੇਂ ਸ਼ਡਿਊਲ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੱਤਾ ਸੀ, ਜੋ ਮਗਰੋਂ ਹਿੰਸਾ, ਅੱਗਜ਼ਨੀ ਤੇ ਸੜਕਾਂ ’ਤੇ ਝੜਪਾਂ ਵਿਚ ਬਦਲ ਗਿਆ।
ਕਾਰਗਿਲ ਸਮੇਤ ਹੋਰ ਵੱਡੇ ਕਸਬਿਆਂ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਵੱਲੋਂ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ, ਜੋ ਉਪਰੋਕਤ ਮੰਗਾਂ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਭੁੱਖ ਹੜਤਾਲ ’ਤੇ ਸਨ, ਦੀ ਹਮਾਇਤ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਵਾਂਗਚੁਕ ਨੇ ਲੇਹ ਸ਼ਹਿਰ ਵਿੱਚ ਤਿੱਖੀਆਂ ਝੜਪਾਂ ਤੋਂ ਬਾਅਦ ਲੰਘੇ ਦਿਨ ਆਪਣੀ ਭੁੱਖ ਹੜਤਾਲ ਵਾਪਸ ਲੈ ਲਈ ਸੀ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ। ਹਿੱਲ ਕੌਂਸਲ ਹੈੱਡਕੁਆਰਟਰ ਦੀ ਭੰਨਤੋੜ ਵੀ ਕੀਤੀ ਜਿਸ ਕਾਰਨ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਸੀ।
ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰਫਿਊ ਵਾਲੇ ਖੇਤਰਾਂ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਹਿੰਸਾ ਵਿਚ ਸ਼ਾਮਲ 50 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਵਿਚ ਤਿੰਨ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ ਤੇ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਿੰਸਾ ਪਿੱਛੇ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਤਾਂ ਨਹੀਂ।
ਇਹ ਵੀ ਪੜ੍ਹੋ: ਕੇਂਦਰ ਨੂੰ ਲੱਦਾਖ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ: ਫ਼ਾਰੂਕ ਅਬਦੁੱਲਾ
ਇਹ ਵੀ ਪੜ੍ਹੋ:ਸੀਬੀਆਈ ਵੱਲੋਂ ਸੋਨਮ ਵਾਂਗਚੁੱਕ ਦੀ ਸੰਸਥਾ ਵੱਲੋਂ FCRA ਉਲੰਘਣਾ ਦੀ ਜਾਂਚ ਜਾਰੀ: ਅਧਿਕਾਰੀ
LAB ਅਤੇ KDA ਪਿਛਲੇ ਚਾਰ ਸਾਲਾਂ ਤੋਂ ਰਾਜ ਦਾ ਦਰਜਾ ਅਤੇ ਛੇਵੀਂ ਅਨੁਸੂਚੀ ਦੇ ਵਿਸਥਾਰ ਦੀਆਂ ਆਪਣੀਆਂ ਮੰਗਾਂ ਲਈ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਪਹਿਲਾਂ ਵੀ ਕੇਂਦਰ ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ। ਗੱਲਬਾਤ ਦਾ ਅਗਲਾ ਦੌਰ 6 ਅਕਤੂਬਰ ਲਈ ਤਜਵੀਜ਼ਤ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਾਰਗਿਲ, ਜ਼ਾਂਸਕਰ, ਨੁਬਰਾ, ਪਦਮ, ਚਾਂਗਤਾਂਗ, ਦਰਾਸ ਅਤੇ ਲਾਮਾਯੂਰੂ ਵਿੱਚ ਭਾਰੀ ਪੁਲੀਸ ਅਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।
ਕਾਰਗਿਲ ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਕੁਮਾਰ ਨੇ ਪੂਰੇ ਜ਼ਿਲ੍ਹੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਸਮਰੱਥ ਅਧਿਕਾਰੀ ਦੀ ਪਹਿਲਾਂ ਲਿਖਤੀ ਇਜਾਜ਼ਤ ਤੋਂ ਬਿਨਾਂ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ ਜਾਂ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਅਧਿਕਾਰਤ ਹੁਕਮਾਂ ਵਿਚ ਬਿਨਾਂ ਇਜਾਜ਼ਤ ਲਾਊਡਸਪੀਕਰਾਂ, ਆਵਾਜ਼ ਵਧਾਉਣ ਵਾਲੇ ਯੰਤਰਾਂ, ਜਾਂ ਵਾਹਨ-ਮਾਊਂਟਡ ਜਨਤਕ ਸੰਬੋਧਨ ਪ੍ਰਣਾਲੀਆਂ ਦੀ ਵਰਤੋਂ ’ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਅਜਿਹਾ ਕੋਈ ਵੀ ਜਨਤਕ ਬਿਆਨ, ਭਾਸ਼ਣ, ਜਾਂ ਐਲਾਨ - ਭਾਵੇਂ ਉਹ ਜ਼ੁਬਾਨੀ, ਲਿਖਤੀ, ਜਾਂ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਹੋਵੇ, ਨਹੀਂ ਕਰੇਗਾ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਜਿਹੇ ਬਿਆਨਾਂ ਨਾਲ ਜਨਤਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ।
ਲੇਹ ਵਿੱਚ ਹਾਲਾਤ ਉਦੋਂ ਵਿਗੜੇ ਜਦੋਂ 10 ਸਤੰਬਰ ਤੋਂ 35 ਦਿਨਾਂ ਦੀ ਭੁੱਖ ਹੜਤਾਲ ’ਤੇ ਬੈਠੇ 15 ਵਿੱਚੋਂ ਦੋ ਲੋਕਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਅਤੇ LAB ਯੂਥ ਵਿੰਗ ਨੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ।
ਕੇਂਦਰ ਨੇ ਦੋਸ਼ ਲਗਾਇਆ ਸੀ ਕਿ ਭੀੜ ਵੱਲੋਂ ਕੀਤੀ ਹਿੰਸਾ ਕਾਰਕੁਨ ਵਾਂਗਚੁਕ ਦੇ ‘ਭੜਕਾਊ ਬਿਆਨਾਂ’ ਤੋਂ ਪ੍ਰੇਰਿਤ ਸੀ। ਕੇਂਦਰ ਨੇ ਕਿਹਾ ਕਿ ਕੁਝ ‘ਸਿਆਸਤ ਤੋਂ ਪ੍ਰੇਰਿਤ’ ਵਿਅਕਤੀ ਸਰਕਾਰ ਅਤੇ ਲੱਦਾਖੀ ਸਮੂਹਾਂ ਦੇ ਪ੍ਰਤੀਨਿਧੀਆਂ ਵਿਚਕਾਰ ਚੱਲ ਰਹੀ ਗੱਲਬਾਤ ਵਿੱਚ ਹੋਈ ਪ੍ਰਗਤੀ ਤੋਂ ਨਾਖੁਸ਼ ਸਨ।