ਲੇਹ ਸ਼ਹਿਰ ਵਿੱਚ ਪੰਜਵੇਂ ਦਿਨ ਵੀ ਕਰਫਿਊ ਜਾਰੀ
ਹਿੰਸਾ ਪ੍ਰਭਾਵਿਤ ਲੇਹ ਸ਼ਹਿਰ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਵੀ ਕਰਫਿਊ ਜਾਰੀ ਰਿਹਾ। ਉਪ ਰਾਜਪਾਲ ਕਵਿੰਦਰ ਗੁਪਤਾ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਫੈਸਲਾ ਲੈਣ ਲਈ ਸਮੀਖਿਆ ਮੀਟਿੰਗ ਕਰਨੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਲੇਹ ਏਪੈਕਸ ਬਾਡੀ (ਐੱਲ ਏ ਬੀ) ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਵਿਆਪਕ ਵਿਰੋਧ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ।
ਲੇਹ ਸ਼ਹਿਰ ਵਿੱਚ ਸ਼ਨਿਚਰਵਾਰ ਨੂੰ ਕਰਫਿਊ ’ਚ ਪਹਿਲੀ ਵਾਰ ਪੜਾਅਵਾਰ ਢੰਗ ਨਾਲ ਚਾਰ ਘੰਟੇ ਦੀ ਢਿੱਲ ਦਿੱਤੀ ਗਈ ਜੋ ਕਿ ਸ਼ਾਂਤੀਪੂਰਨ ਰਹੀ। ਬੁੱਧਵਾਰ ਨੂੰ ਹਿੰਸਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਜਦਕਿ ਦੰਗਿਆਂ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ 50 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਵੀ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ, ‘‘ਸਥਿਤੀ ਆਮ ਵਰਗੀ ਰਹੀ ਅਤੇ ਕਿਸੇ ਵੀ ਥਾਂ ਤੋਂ ਕਿਸੇ ਮੰਦਭਾਗੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਉਪ ਰਾਜਪਾਲ ਜਲਦੀ ਰਾਜਭਵਨ ’ਚ ਇਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਦਿਨ ਦੌਰਾਨ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਫੈਸਲਾ ਲਿਆ ਜਾਵੇਗਾ।’’
ਅਧਿਕਾਰੀਆਂ ਨੇ ਦੱਸਿਆ ਕਿ ਲੇਹ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਰਹੀਆਂ, ਜਦਕਿ ਕਾਰਗਿਲ ਸਣੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੋਰ ਪ੍ਰਮੁੱਖ ਹਿੱਸਿਆਂ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪਾਬੰਦੀ ਦੇ ਹੁਕਮ ਵੀ ਲਾਗੂ ਰਹੇ। ਕਰਫਿਊ ਵਾਲੇ ਇਲਾਕਿਆਂ ਵਿੱਚ ਪੁਲੀਸ ਅਤੇ ਦੰਗਾ ਵਿਰੋਧੀ ਉਪਕਰਨਾਂ ਨਾਲ ਲੈਸ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਦੇਖੇ ਗਏ ਜਦਕਿ ਆਈ ਟੀ ਬੀ ਪੀ ਦੇ ਜਵਾਨ ਵੀ ਅੱਜ ਸਵੇਰੇ ਫਲੈਗ ਮਾਰਚ ਕਰਦੇ ਹੋਏ ਦਿਖੇ। ਹਿੰਸਾ ਵਿੱਚ ਮਾਰੇ ਗਏ ਦੋ ਵਿਅਕਤੀਆਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਗਿਆ।
ਲੇਹ ਹਿੰਸਾ ਤੋਂ ਬਾਅਦ ਪੁਲੀਸ ਵੱਲੋਂ ਦਰਜ ਐੱਫ ਆਈ ਆਰ ਵਿੱਚ ਨਾਮਜ਼ਦ ਕਈ ਵਿਅਕਤੀਆਂ ’ਚ ਦੋ ਕਾਂਗਰਸੀ ਕੌਂਸਲਰਾਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੇ ਸ਼ਨਿਚਰਵਾਰ ਨੂੰ ਸਥਾਨਕ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਸੀ। ਲੱਦਾਖ ਬਾਰ ਐਸੋਸੀਏਸ਼ਲਨ, ਲੇਹ ਦੇ ਪ੍ਰਧਾਨ ਮੁਹੰਮਦ ਸ਼ਫੀ ਲੱਸੂ ਨੇ ਦੱਸਿਆ ਕਿ ਦੋਵੇਂ ਕੌਂਸਲਰਾਂ ਸਮਾਨਲਾ ਦੋਰਜੇ ਨੁਰਬੋ ਅਤੇ ਫੁਤਸੋਗ ਸਟੈਨਜਿਨ ਤਸੇਪਾਕ ਦੇ ਨਾਲ ਲੱਦਾਖ ਬੋਧ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਵਿਨ ਰਿਗਜ਼ਿਨ ਅਤੇ ਪਿੰਡ ਦੇ ਨੰਬਰਦਾਰ ਰਿਗਜ਼ਿਨ ਦੋਰਜੇ ਨੂੰ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਿਰਫ਼ ਇਨ੍ਹਾਂ ਚਾਰ ਲੋਕਾਂ ਦੀ ਹਿਰਾਸਤ ਮੰਗੀ ਸੀ ਜਦਕਿ ਬਾਕੀ ਵਿਅਕਤੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਨ੍ਹਾਂ ’ਚ ਲੇਹ ਏਪੈਕਸ ਬਾਡੀ ਅਤੇ ਲੱਦਾਖ ਬੋਧ ਐਸੋਸੀਏਸ਼ਨ ਦੇ ਨੌਜਵਾਨ ਆਗੂ ਅਤੇ ਵਿਦਿਆਰਥੀ ਵੀ ਸ਼ਾਮਲ ਹਨ। ਉੱਧਰ, ਵਿਗਿਆਨੀਆਂ ਦੇ ਇਕ ਸਮੂਹ ‘ਦਿ ਬਰੇਕਥਰੂ ਸਾਇੰਸ ਸੁਸਾਇਟੀ (ਬੀ ਐੱਸ ਐੱਸ) ਨੇ ਅੱਜ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਹਿਰਾਸਤ ਵਿੱਚ ਲੈਣ ਦੀ ਨਿਖੇਧੀ ਕੀਤੀ ਅਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਵਾਂਗਚੁਕ ਦੀ ਪਤਨੀ ਵੱਲੋਂ ‘ਪਾਕਿ ਸਬੰਧਾਂ’ ਦੇ ਦੋਸ਼ ਖਾਰਜ
ਲੇਹ/ਨਵੀਂ ਦਿੱਲੀ: ਜੇਲ੍ਹ ਵਿੱਚ ਬੰਦ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਉਸ ਦੇ ਪਤੀ ਖ਼ਿਲਾਫ਼ ‘ਪਾਕਿਸਤਾਨ ਨਾਲ ਸਬੰਧ’ ਹੋਣ ਅਤੇ ਵਿੱਤੀ ਅਨਿਯਮਤਾਵਾਂ ਦੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਵਾਂਗਚੁਕ ’ਤੇ ਲੇਹ ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਉਹ ਸਭ ਤੋਂ ਵੱਧ ਗਾਂਧੀਵਾਦੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅਤੇ 24 ਸਤੰਬਰ ਨੂੰ ਸੀ ਆਰ ਪੀ ਐੱਫ ਦੀ ਕਾਰਵਾਈ ਕਾਰਨ ਹਾਲਾਤ ਵਿਗੜ ਗਏ। ਪੁਲੀਸ ਨੇ ਵਾਤਾਵਰਨ ਕਾਰਕੁਨ ਵਾਂਗਚੁਕ ਨੂੰ ਸ਼ੁੱਕਰਵਾਰ ਨੂੰ ਸਖ਼ਤ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਹਿਰਾਸਤ ’ਚ ਲਿਆ ਸੀ। ਇਹ ਕਦਮ ਪਿਛਲੇ ਬੁੱਧਵਾਰ ਨੂੰ ਲੇਹ ਵਿੱਚ ਲੱਦਾਖ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ਵਿੱਚ ਸ਼ਾਮਲ ਕਰਨ ਅਤੇ ਇਸ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਹਿੰਸਕ ਹੋਣ ਤੋਂ ਦੋ ਦਿਨਾਂ ਬਾਅਦ ਉਠਾਇਆ ਗਿਆ ਸੀ। ਇਸ ਪ੍ਰਦਰਸ਼ਨ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 90 ਹੋਰ ਜ਼ਖ਼ਮੀ ਹੋ ਗਏ ਸੀ। ਅੰਗਮੋ ਨੇ ਦਾਅਵਾ ਕੀਤਾ ਕਿ ਵਾਂਗਚੁਕ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਹੁਕਮਾਂ ਦੀ ਕਾਪੀ ਉਨ੍ਹਾਂ ਨੂੰ ਨਹੀਂ ਸੌਂਪੀ ਗਈ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹੁਕਮਾਂ ਦੀ ਕਾਪੀ ਭੇਜਣ ਦਾ ਵਾਅਦਾ ਕੀਤਾ ਸੀ। ਅਸੀਂ ਕਾਨੂੰਨੀ ਰਸਤਾ ਅਪਣਾਵਾਂਗੇ।’’ -ਪੀਟੀਆਈ
ਲੱਦਾਖੀ ਲੋਕਾਂ ਤੇ ਸੱਭਿਆਚਾਰ ’ਤੇ ਹਮਲਾ ਕਰ ਰਹੇ ਨੇ ਭਾਜਪਾ-ਆਰ ਐੱਸ ਐੱਸ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਲੱਦਾਖ ਦੇ ਲੋਕਾਂ, ਸੱਭਿਆਚਾਰ ਤੇ ਰਵਾਇਤਾਂ ’ਤੇ ਭਾਜਪਾ ਤੇ ਆਰ ਐੱਸ ਐੱਸ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੱਦਾਖ ਨੂੰ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਵੀ ਵਕਾਲਤ ਕੀਤੀ। ਗਾਂਧੀ ਦੀ ਇਹ ਟਿੱਪਣੀ ਲੇਹ ’ਚ ਹੋਈ ਹਿੰਸਾ ਦੇ ਸਬੰਧ ਵਿੱਚ ਆਈ ਹੈ। ਲੇਹ ’ਚ ਲੰਘੇ ਬੁੱਧਵਾਰ ਨੂੰ ਹੋਈ ਹਿੰਸਾ ’ਚ ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ ਚਾਰ ਵਿਅਕਤੀ ਮਾਰੇ ਗਏ ਸਨ ਤੇ ਕਈ ਹੋਰ ਜ਼ਖ਼ਮੀ ਹੋਏ ਸਨ। ਉਦੋਂ ਤੋਂ ਦੰਗਿਆਂ ’ਚ ਸ਼ਮੂਲੀਅਤ ਦੇ ਦੋਸ਼ ਹੇਠ 50 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੂੰ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਹਿਰਾਸਤ ’ਚ ਲਿਆ ਗਿਆ ਹੈ ਅਤੇ ਰਾਜਸਥਾਨ ਦੀ ਜੋਧਪੁਰ ਜੇਲ੍ਹ ’ਚ ਰੱਖਿਆ ਗਿਆ ਹੈ। ਗਾਂਧੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਲੱਦਾਖ ਦੇ ਵਿਲੱਖਣ ਲੋਕਾਂ, ਸੱਭਿਆਚਾਰ ਤੇ ਰਵਾਇਤਾਂ ’ਤੇ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਹਮਲਾ ਕਰ ਰਹੇ ਹਨ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘ਲੱਦਾਖ ਦੇ ਲੋਕਾਂ ਨੇ ਆਵਾਜ਼ ਚੁੱਕੀ। ਭਾਜਪਾ ਨੇ ਚਾਰ ਨੌਜਵਾਨਾਂ ਦੀ ਜਾਨ ਲੈ ਕੇ ਅਤੇ ਸੋਨਮ ਵਾਂਗਚੁਕ ਨੂੰ ਜੇਲ੍ਹ ’ਚ ਸੁੱਟ ਕੇ ਜਵਾਬ ਦਿੱਤਾ। ਹੱਤਿਆ ਬੰਦ ਕਰੋ। ਹਿੰਸਾ ਬੰਦ ਕਰੋ। ਧਮਕੀ ਦੇਣਾ ਬੰਦ ਕਰੋ।’ ਉਨ੍ਹਾਂ ਕਿਹਾ, ‘ਲੱਦਾਖ ਨੂੰ ਆਵਾਜ਼ ਦਿਉ। ਉਨ੍ਹਾਂ ਨੂੰ ਛੇਵੀਂ ਅਨੁਸੂਚੀ ਦਿਉ।’ -ਪੀਟੀਆਈ