‘ਕ੍ਰੀਮੀ ਲੇਅਰ’ ਦੀ ਪੈਰਵੀ ਕਰਕੇ ਅਲੋਚਨਾ ਸਹੇੜੀ: ਗਵਈ
ਭਾਰਤ ਦੇ ਸਾਬਕਾ ਚੀਫ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਫੈਸਲੇ ਵਿੱਚ ਇਹ ਦੱਸਣ ਲਈ ਆਪਣੇ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਵਿੱਚ ‘ਕ੍ਰੀਮੀ ਲੇਅਰ’ ਸਿਧਾਂਤ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਚੀਫ ਜਸਟਿਸ ਗਵਈ ਨੇ ਕਿਹਾ ਕਿ ਡਾ. ਬੀ ਆਰ ਅੰਬੇਡਕਰ ਦੇ ਵਿਚਾਰ ’ਚ, ਸਕਾਰਾਤਮਕ ਕਾਰਵਾਈ ਪਿੱਛੇ ਚੱਲ ਰਹੇ ਕਿਸੇ ਵਿਅਕਤੀ ਨੂੰ ਸਾਈਕਲ ਦੇਣ ਦੇ ਬਰਾਬਰ ਹੈ, ਪਰ ਕੀ ਅੰਬੇਡਕਰ ਅਜਿਹਾ ਸੋਚਦੇ ਸਨ ਕਿ ਅਜਿਹੇ ਵਿਅਕਤੀ ਨੂੰ ਸਾਈਕਲ ਕਦੇ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਦਾਅਵਾ ਕੀਤਾ ਕਿ ਅੰਬੇਡਕਰ ਅਜਿਹਾ ਨਹੀਂ ਸੋਚਦੇ ਸਨ। ਉਹ ਮੁੰਬਈ ਯੂਨੀਵਰਸਿਟੀ ਵਿੱਚ ‘ਸਮਾਨ ਮੌਕੇ ਉਤਸ਼ਾਹਿਤ ਕਰਨ ਲਈ ਸਕਾਰਾਤਮਕ ਕਦਮ ਚੁੱਕਣ ਦੀ ਭੂਮਿਕਾ’ ਵਿਸ਼ੇ ’ਤੇ ਭਾਸ਼ਣ ਦੇ ਰਹੇ ਸਨ। ਡਾ. ਅੰਬੇਡਕਰ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਅੰਬੇਡਕਰ ਨਾ ਸਿਰਫ਼ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ, ਸਗੋਂ ਉਸ ਵਿੱਚ ਸ਼ਾਮਲ ਸਕਾਰਾਤਮਕ ਪਹਿਲੂਆਂ ਦੇ ਵੀ ਨਿਰਮਾਤਾ ਸਨ। ਉਨ੍ਹਾਂ ਪੁੱਛਿਆ, “ਜਿੱਥੋਂ ਤੱਕ ਸਕਾਰਾਤਮਕ ਕਦਮ ਦਾ ਸਵਾਲ ਹੈ, ਬਾਬਾ ਸਾਹਿਬ ਦਾ ਮੰਨਣਾ ਸੀ ਕਿ ਇਹ ਉਨ੍ਹਾਂ ਲੋਕਾਂ ਨੂੰ ਸਾਈਕਲ ਮੁਹੱਈਆ ਕਰਾਉਣ ਦੇ ਬਰਾਬਰ ਹੈ ਜੋ ਪਿੱਛੇ ਰਹਿ ਗਏ ਹਨ। ਮੰਨ ਲਓ, ਕੋਈ ਦਸ ਕਿਲੋਮੀਟਰ ਅੱਗੇ ਹੈ ਅਤੇ ਕੋਈ ਜ਼ੀਰੋ ਕਿਲੋਮੀਟਰ ’ਤੇ, ਤਾਂ ਉਸ ਨੂੰ (ਜ਼ੀਰੋ ਕਿਲੋਮੀਟਰ ਵਾਲੇ ਨੂੰ) ਸਾਈਕਲ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਉਹ ਦਸ ਕਿਲੋਮੀਟਰ ਤੱਕ ਤੇਜ਼ੀ ਨਾਲ ਪਹੁੰਚ ਸਕੇ। ਉੱਥੋਂ, ਉਹ ਪਹਿਲਾਂ ਤੋਂ ਮੌਜੂਦ ਵਿਅਕਤੀ ਨਾਲ ਜੁੜ ਜਾਂਦਾ ਹੈ ਅਤੇ ਉਸ ਦੇ ਨਾਲ ਚੱਲਦਾ ਹੈ। ਕੀ ਉਨ੍ਹਾਂ (ਅੰਬੇਡਕਰ) ਨੇ ਸੋਚਿਆ ਸੀ ਕਿ ਉਸ ਵਿਅਕਤੀ ਨੂੰ ਸਾਈਕਲ ਛੱਡ ਕੇ ਅੱਗੇ ਨਹੀਂ ਵਧਣਾ ਚਾਹੀਦਾ?” ਸਾਬਕਾ ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੀ ਭਾਈਚਾਰੇ ਦੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ’ਤੇ ਇਹ ਦੋਸ਼ ਲੱਗਾ ਕਿ ਉਨ੍ਹਾਂ ਨੇ ਖੁਦ ਰਾਖਵੇਂਕਰਨ ਦਾ ਲਾਭ ਲੈ ਕੇ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਬਾਅਦ, ਹੁਣ ਉਨ੍ਹਾਂ ਲੋਕਾਂ ਨੂੰ ਬਾਹਰ ਕਰਨ ਦਾ ਸਮਰਥਨ ਕੀਤਾ ਜੋ ‘ਕ੍ਰੀਮੀ ਲੇਅਰ’ ਵਿੱਚ ਆਉਂਦੇ ਹਨ, ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੇ ਸੰਵਿਧਾਨਕ ਅਹੁਦੇ ਲਈ ਕੋਈ ਰਾਖਵਾਂਕਰਨ ਨਹੀਂ ਹੁੰਦਾ।”
