ਕ੍ਰਿਕਟ ਦਾ ਅਪਮਾਨ ਕੀਤਾ ਗਿਆ: ਸਲਮਾਨ ਆਗਾ
ਭਾਰਤੀ ਟੀਮ ਵੱਲੋਂ ਹਾਲ ਹੀ ਵਿੱਚ ਖੇਡੇ ਗਏ ਏਸ਼ੀਆ ਕੱਪ ਦੌਰਾਨ ਜਿੱਤ ਤੋਂ ਬਾਅਦ ਪਾਕਿਸਤਾਨ ਦੀ ਟੀਮ ਨਾਲ ਹੱਥ ਨਾ ਮਿਲਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਸਬੰਧੀ ਪਾਕਿਸਤਾਨ ਦੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਦੇ ਸਮੇਂ ਭਾਰਤੀ ਟੀਮ ਦੀ 'ਨੋ ਹੈਂਡਸ਼ੇਕ' (ਹੱਥ ਨਾ ਮਿਲਾਉਣ) ਦੀ ਨੀਤੀ ਖੇਡ ਦਾ ਅਪਮਾਨ ਸੀ ਅਤੇ ਨੌਜਵਾਨ ਪ੍ਰਸ਼ੰਸਕਾਂ ਲਈ ਖੇਡ ਭਾਵਨਾ ਦੀ ਸਭ ਤੋਂ ਵਧੀਆ ਉਦਾਹਰਨ ਨਹੀਂ ਸੀ।
ਭਾਰਤ ਨੇ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੀ-20 ਫਾਰਮੈਟ ਵਿੱਚ ਆਪਣਾ ਦੂਜਾ ਟੂਰਨਾਮੈਂਟ ਖਿਤਾਬ ਜਿੱਤਿਆ।
ਪਾਕਿਸਤਾਨ ਦੇ ਕਪਤਾਨ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਭਾਰਤ ਨੇ ਇਸ ਟੂਰਨਾਮੈਂਟ ਵਿੱਚ ਜੋ ਕੀਤਾ ਉਹ ਬਹੁਤ ਨਿਰਾਸ਼ਾਜਨਕ ਹੈ। ਉਹ ਹੱਥ ਨਾ ਮਿਲਾ ਕੇ ਸਾਡਾ ਅਪਮਾਨ ਨਹੀਂ ਕਰ ਰਹੇ, ਉਹ ਕ੍ਰਿਕਟ ਦਾ ਅਪਮਾਨ ਕਰ ਰਹੇ ਹਨ। ਚੰਗੀਆਂ ਟੀਮਾਂ ਅਜਿਹਾ ਨਹੀਂ ਕਰਦੀਆਂ ਜੋ ਉਨ੍ਹਾਂ ਨੇ ਕੀਤਾ।’’
ਉੁਨ੍ਹਾਂ ਕਿਹਾ, ‘‘ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਖ਼ੁਦ ਟਰਾਫੀ ਨਾਲ ਤਸਵੀਰਾਂ ਖਿਚਵਾਉਣ (ਫੋਟੋ ਸ਼ੂਟ) ਲਈ ਗਏ। ਅਸੀਂ ਉੱਥੇ ਖੜ੍ਹੇ ਹੋਏ ਅਤੇ ਆਪਣੇ ਮੈਡਲ ਲਏ। ਮੈਂ ਸਖ਼ਤ ਸ਼ਬਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ, ਪਰ ਉਹ ਬਹੁਤ ਅਪਮਾਨਜਨਕ ਰਹੇ ਹਨ।’’
ਸਲਮਾਨ ਨੇ ਦਾਅਵਾ ਕੀਤਾ ਕਿ ਸ਼ਿਸ਼ਟਾਚਾਰ ਦੇ ਆਦਾਨ-ਪ੍ਰਦਾਨ ਦੀ ਗੱਲ ਆਉਂਦੀ ਹੈ ਤਾਂ ਸੂਰਯਕੁਮਾਰ ਨਿੱਜੀ ਮੁਲਾਕਾਤਾਂ ਦੇ ਮੁਕਾਬਲੇ ਜਨਤਕ ਤੌਰ ’ਤੇ ਵੱਖਰੇ ਵਿਅਕਤੀ ਰਹੇ ਹਨ।
"ਉਸ ਨੇ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਮੇਰੇ ਨਾਲ ਨਿੱਜੀ ਤੌਰ 'ਤੇ ਹੱਥ ਮਿਲਾਇਆ ਸੀ, ਦੋਵੇਂ ਪ੍ਰੀ-ਟੂਰਨਾਮੈਂਟ ਪ੍ਰੈੱਸ ਕਾਨਫਰੰਸ ਵਿੱਚ ਅਤੇ ਜਦੋਂ ਅਸੀਂ ਰੈਫਰੀ ਦੀ ਮੀਟਿੰਗ ਵਿੱਚ ਮਿਲੇ ਸੀ। ਪਰ ਜਦੋਂ ਉਹ ਕੈਮਰਿਆਂ ਦੇ ਸਾਹਮਣੇ ਦੁਨੀਆ ਵਿੱਚ ਬਾਹਰ ਹੁੰਦੇ ਹਨ, ਤਾਂ ਉਹ ਸਾਡੇ ਨਾਲ ਹੱਥ ਨਹੀਂ ਮਿਲਾਉਂਦੇ।’’ ਪਾਕਿ ਕਪਤਾਨ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਉਹ ਉਨ੍ਹਾਂ ਨੂੰ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰ ਰਿਹਾ ਹੈ, ਪਰ ਜੇਕਰ ਇਹ ਉਸ 'ਤੇ ਨਿਰਭਰ ਕਰਦਾ, ਤਾਂ ਉਹ ਮੇਰੇ ਨਾਲ ਹੱਥ ਜ਼ਰੂਰ ਮਿਲਾਉਂਦਾ।’’
ਸਲਮਾਨ ਨੇ ਏਸ਼ੀਆਈ ਕ੍ਰਿਕਟ ਕੌਂਸਲ (ACC) ਦੇ ਮੁਖੀ ਮੋਹਸਿਨ ਨਕਵੀ ਦੇ ਟਰਾਫੀ ਲੈ ਕੇ ਜਾਣ ਤੋਂ ਪਹਿਲਾਂ ਪ੍ਰਸਤੁਤੀ ਮੰਚ ’ਤੇ ਖੜ੍ਹੇ ਹੋਣ ਦੇ ਫ਼ੈਸਲੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਟਰਾਫੀ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉਹ ਇਸਨੂੰ ਪੀਸੀਬੀ ਮੁਖੀ ਤੋਂ ਲੈਣਾ ਨਹੀਂ ਚਾਹੁੰਦੇ ਸਨ।
ਉਸਨੇ ਜਵਾਬ ਦਿੱਤਾ, "ਅੱਜ ਜੋ ਕੁਝ ਵੀ ਹੋਇਆ, ਉਹ ਸਭ ਕੁਝ (ਪਹਿਲਾਂ) ਹੋਏ ਦਾ ਨਤੀਜਾ ਸੀ। ਬੇਸ਼ੱਕ, ਏਸੀਸੀ ਪ੍ਰਧਾਨ ਜੇਤੂਆਂ ਨੂੰ ਟਰਾਫੀ ਦੇਣਗੇ। ਜੇ ਤੁਸੀਂ ਉਨ੍ਹਾਂ ਤੋਂ ਟਰਾਫੀ ਨਹੀਂ ਲਓਗੇ, ਤਾਂ ਤੁਹਾਨੂੰ ਇਹ ਕਿਵੇਂ ਮਿਲੇਗੀ?"
ਉਨ੍ਹਾਂ ਮਹਿਸੂਸ ਕੀਤਾ ਕਿ ਕਿਸੇ ਨਾ ਕਿਸੇ ਪੜਾਅ 'ਤੇ ਅਜਿਹੀਆਂ ਗੱਲਾਂ ਨੂੰ ਰੁਕਣਾ ਚਾਹੀਦਾ ਹੈ। ਪਾਕਿਸਤਾਨੀ ਕਪਤਾਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਉੱਭਰਦੇ ਕ੍ਰਿਕਟਰਾਂ ਲਈ ਇੱਕ ਗਲਤ ਉਦਾਹਰਣ ਪੇਸ਼ ਕਰਨਗੀਆਂ।
ਸਲਮਾਨ ਨੇ ਕਿਹਾ ਕਿ ਇਸ ਬਾਰੇ ਸਿਰਫ਼ ਭਾਰਤ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ।
ਆਪਣੀ ਪ੍ਰੈੱਸ ਕਾਨਫਰੰਸ ਨੂੰ ਸਮਾਪਤ ਕਰਦੇ ਹੋਏ, ਸਲਮਾਨ ਨੇ, ਸਪੱਸ਼ਟ ਤੌਰ ’ਤੇ ਇੱਕ ਬਾਅਦ ਦੇ ਵਿਚਾਰ ਵਜੋਂ, ਦਾਅਵਾ ਕੀਤਾ ਕਿ ਪੂਰੀ ਪਾਕਿਸਤਾਨੀ ਟੀਮ ਦੀ ਮੈਚ ਫੀਸ 'ਆਪਰੇਸ਼ਨ ਸਿੰਦੂਰ' ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇਗੀ।