ਵੈਸ਼ਨੋ ਦੇਵੀ ਯਾਤਰਾ ਦੌਰਾਨ 34 ਸ਼ਰਧਾਲੂਆਂ ਦੀ ਮੌਤ ਦੀ ਸ਼ਿਕਾਇਤ ’ਤੇ ਅਦਾਲਤ ਨੇ ਪੁਲੀਸ ਰਿਪੋਰਟ ਮੰਗੀ
ਜੰਮੂ ਕਸ਼ਮੀਰ ਦੀ ਇੱਕ ਅਦਾਲਤ ਨੇ ਪੁਲੀਸ ਤੋਂ ਇੱਕ ਸ਼ਿਕਾਇਤ ’ਤੇ ਕਾਰਵਾਈ ਰਿਪੋਰਟ ਮੰਗੀ ਹੈ, ਜਿਸ ਵਿੱਚ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਦੇ ਅਧਿਕਾਰੀਆਂ ’ਤੇ ਕਥਿਤ ਅਪਰਾਧਕ ਅਣਗਹਿਲੀ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਅਣਗਹਿਲੀ ਅਗਸਤ ਵਿੱਚ ਰਿਆਸੀ ਜ਼ਿਲ੍ਹੇ ਵਿੱਚ ਗੁਫਾ ਅਸਥਾਨ ਦੇ ਰਸਤੇ ਵਿੱਚ ਢਿੱਗਾਂ ਡਿੱਗਣ ਕਾਰਨ 34 ਸ਼ਰਧਾਲੂਆਂ ਦੀ ਮੌਤ ਦਾ ਕਾਰਨ ਬਣੀ ਸੀ।
26 ਅਗਸਤ ਨੂੰ ਤ੍ਰਿਕੂਟਾ ਪਹਾੜੀਆਂ ਵਿੱਚ ਅੱਧਕੁਆਰੀ ਦੇ ਤੀਰਥ ਯਾਤਰਾ ਮਾਰਗ ’ਤੇ ਬੱਦਲ ਫਟਣ ਕਾਰਨ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 34 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਜ਼ਖਮੀ ਹੋ ਗਏ ਸਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਢਿੱਗਾਂ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ 29 ਅਗਸਤ ਨੂੰ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
ਵੀਰਵਾਰ ਨੂੰ ਇੱਕ ਹੁਕਮ ਵਿੱਚ ਸਬ-ਜੱਜ ਕਟੜਾ, ਸਿਧਾਂਤ ਵੈਦ ਨੇ ਕਿਹਾ, "ਕਿਉਂਕਿ ਇਸ ਅਰਜ਼ੀ ਦੇ ਦਾਇਰ ਹੋਏ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਇਸ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 175(4) ਦੇ ਪ੍ਰਬੰਧਾਂ ਦਾ ਸਹਾਰਾ ਲੈਣ ਤੋਂ ਪਹਿਲਾਂ, ਮੈਂ ਸੀਨੀਅਰ ਸੁਪਰਡੈਂਟ ਆਫ਼ ਪੁਲੀਸ (SSP), ਰਿਆਸੀ, ਅਤੇ ਐੱਸ.ਐੱਚ.ਓ., ਭਵਨ ਪੁਲੀਸ ਸਟੇਸ਼ਨ ਤੋਂ ਕਾਰਵਾਈ ਰਿਪੋਰਟ ਮੰਗਣਾ ਉਚਿਤ ਸਮਝਦਾ ਹਾਂ।’’
ਅਦਾਲਤ ਨੇ ਅੱਗੇ ਨੋਟ ਕੀਤਾ ਕਿ BNSS ਦੀ ਧਾਰਾ 175(3) ਦੇ ਤਹਿਤ, ਕੋਈ ਮੈਜਿਸਟ੍ਰੇਟ ਪੁਲੀਸ ਦੀ ਅਰਜ਼ੀ ਅਤੇ ਪੇਸ਼ਕਸ਼ਾਂ ’ਤੇ ਵਿਚਾਰ ਕਰਨ ਤੋਂ ਬਾਅਦ ਜਾਂਚ ਦਾ ਨਿਰਦੇਸ਼ ਦੇਣ ਤੋਂ ਪਹਿਲਾਂ ਪੜਤਾਲ ਦਾ ਹੁਕਮ ਦੇ ਸਕਦਾ ਹੈ।
ਰੋਹਿਤ ਬਾਲੀ ਵੱਲੋਂ ਦਾਇਰ ਸ਼ਿਕਾਇਤ ਵਿੱਚ SMVDSB ਦੇ ਸੀ.ਈ.ਓ. ਅਤੇ ਹੋਰ ਅਧਿਕਾਰੀਆਂ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 105 (ਗੈਰ-ਇਰਾਦਤਨ ਕਤਲ) ਅਤੇ 106 (ਅਣਗਹਿਲੀ ਨਾਲ ਮੌਤ ਦਾ ਕਾਰਨ ਬਣਨਾ) ਅਤੇ ਹੋਰ ਸਬੰਧਤ ਪ੍ਰਬੰਧਾਂ ਤਹਿਤ ਐਫ.ਆਈ.ਆਰ. ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ 'ਤੇ ਆਪਣੀ ਡਿਊਟੀ ਨਿਭਾਉਣ ਵਿੱਚ ਅਣਗਹਿਲੀ ਕਰਨ ਦਾ ਦੋਸ਼ ਹੈ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 25-26 ਅਗਸਤ ਨੂੰ ਭਾਰੀ ਮੀਂਹ ਅਤੇ ਅਚਾਨਕ ਹੜ੍ਹਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਬੋਰਡ ਦੇ ਸੀ.ਈ.ਓ. ਅਤੇ ਹੋਰ ਅਧਿਕਾਰੀ ਵੈਸ਼ਨੋ ਦੇਵੀ ਯਾਤਰਾ ਨੂੰ ਰੋਕਣ ਜਾਂ ਕੋਈ ਐਡਵਾਈਜ਼ਰੀ ਜਾਰੀ ਕਰਨ ਵਿੱਚ ਅਸਫ਼ਲ ਰਹੇ। -ਪੀਟੀਆਈ
