ਕੋਰਟ ਨੇ ਪਤੰਜਲੀ ਨੂੰ ਡਾਬਰ ਚਯਵਨਪ੍ਰਾਸ਼ ਵਿਰੁੱਧ ਇਤਰਾਜ਼ਯੋਗ ਇਸ਼ਤਿਹਾਰ ਪ੍ਰਸਾਰਿਤ ਕਰਨ ਤੋਂ ਰੋਕਿਆ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਪਤੰਜਲੀ ਨੂੰ ਡਾਬਰ ਚਯਵਨਪ੍ਰਾਸ਼ ਵਿਰੁੱਧ ਇਤਰਾਜ਼ਯੋਗ ਇਸ਼ਤਿਹਾਰ ਚਲਾਉਣ ਤੋਂ ਰੋਕ ਦਿੱਤਾ ਹੈ। ਜਸਟਿਸ ਮਿੰਨੀ ਪੁਸ਼ਕਰਨ ਨੇ ਡਾਬਰ ਦੀ ਪਟੀਸ਼ਨ ’ਤੇ ਅੰਤਰਿਮ ਰੋਕ ਲਗਾਉਣ ਦੀ ਇਜਾਜ਼ਤ ਦਿੱਤੀ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪਤੰਜਲੀ ਸਪੈਸ਼ਲ ਚਯਵਨਪ੍ਰਾਸ਼ ‘‘ਵਿਸ਼ੇਸ਼ ਤੌਰ ’ਤੇ ਡਾਬਰ ਚਯਵਨਪ੍ਰਾਸ਼ ਅਤੇ ਆਮ ਤੌਰ ’ਤੇ ਚਯਵਨਪ੍ਰਾਸ਼ ਦਾ ਅਪਮਾਨ ਕਰ ਰਿਹਾ ਸੀ।’’ ਉਸ(ਪਤੰਜਲੀ) ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸੇ ਹੋਰ ਨਿਰਮਾਤਾ ਕੋਲ ਚਯਵਨਪ੍ਰਾਸ਼ ਤਿਆਰ ਕਰਨ ਦਾ ਗਿਆਨ ਨਹੀਂ ਹੈ - ਜੋ ਕਿ ਇੱਕ ਨਿੰਦਾ ਵਜੋਂ ਹੈ।
ਇਸ ਮੌਕੇ ਵਕੀਲ ਜਵਾਹਰ ਲਾਲਾ ਅਤੇ ਮੇਘਨਾ ਕੁਮਾਰ ਡਾਬਰ ਵੱਲੋਂ ਪੇਸ਼ ਹੋਏ ਸਨ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ, ‘‘ਡਾਬਰ ਚਯਵਨਪ੍ਰਾਸ਼ ਨਾਲ ਤੁਲਨਾ ਦੇ ਇਸ਼ਤਿਹਾਰਾਂ ਵਿੱਚ (ਇੱਕ ਆਯੁਰਵੈਦਿਕ ਦਵਾਈ/ਦਵਾਈ ਦੇ ਸੰਬੰਧ ਵਿੱਚ) ਝੂਠੇ ਅਤੇ ਗੁੰਮਰਾਹਕੁੰਨ ਬਿਆਨ ਦਿੱਤੇ ਗਏ ਹਨ। ਇਸ਼ਤਿਹਾਰ ਵਿੱਚ ਬਾਕੀ ਸਾਰੇ ਚਯਵਨਪ੍ਰਾਸ਼ ਦੇ ਸੰਬੰਧ ਵਿੱਚ "ਸਧਾਰਨ" ਸ਼ਬਦ ਦੀ ਵਰਤੋਂ ਕੀਤੀ ਗਈ ਸੀ, ਜੋ ਇਹ ਦਰਸਾਉਂਦਾ ਸੀ ਕਿ ਉਹ "ਘਟੀਆ" ਸਨ।’’
ਇਸ ਵਿੱਚ ਇਹ ਵੀ ਕਿਹਾ ਗਿਆ ਕਿ ਇਸ਼ਤਿਹਾਰ ਵਿੱਚ "ਗਲਤ" ਦਾਅਵੇ ਕੀਤੇ ਗਏ ਸਨ ਕਿ ਬਾਕੀ ਸਾਰੇ ਨਿਰਮਾਤਾਵਾਂ ਨੂੰ ਆਯੁਰਵੇਦਿਕ ਗ੍ਰੰਥਾਂ ਅਤੇ ਚਯਵਨਪ੍ਰਾਸ਼ ਬਣਾਉਣ ਲਈ ਵਰਤੇ ਜਾਣ ਵਾਲੇ ਫਾਰਮੂਲਿਆਂ ਬਾਰੇ ਕੋਈ ਗਿਆਨ ਨਹੀਂ ਸੀ। ਅਦਾਲਤ ਨੇ ਇਤਰਾਯੋਗ ਇਸ਼ਤਿਹਾਰ ਨੂੰ ਪ੍ਰਸਾਰਤ ਕਰਨ ’ਤੇ ਰੋਕ ਲਾਉਂਦਿਆਂ ਅਗਲੀ ਸੁਣਵਾਈ 14 ਜੁਲਾਈ ਨੂੰ ਤੈਅ ਕੀਤੀ ਹੈ। -ਪੀਟੀਆਈ