ਅਦਾਲਤ ਵੱਲੋਂ ਫ਼ਰੀਦਕੋਟ ਦੇ ਰਾਜੇ ਦੀ ਜਾਇਦਾਦ ਦੀ ਹਿੱਸੇਦਾਰੀ ਤੈਅ
ਇਥੋਂ ਦੀ ਅਦਾਲਤ ਨੇ ਫ਼ਰੀਦਕੋਟ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ 40,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਕਾਨੂੰਨੀ ਵਾਰਸਾਂ ਵਿਚਾਲੇ ਹਿੱਸੇ ਨਿਰਧਾਰਤ ਕਰ ਦਿੱਤੇ ਹਨ। ਅਦਾਲਤ ਨੇ ਇਹ ਫ਼ੈਸਲਾ ਮਹਾਰਾਜਾ ਦੇ ਭਰਾ ਕੰਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਾਇਆ। ਅਮਰਿੰਦਰ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਆਪਣੀ 33.33 ਫੀਸਦ ਹਿੱਸੇਦਾਰੀ ਦੀ ਵੰਡ ਲਈ ਇਹ ਅਰਜ਼ੀ ਦਿੱਤੀ ਸੀ। ਫਰੀਦਕੋਟ ਦੇ ਆਖਰੀ ਸ਼ਾਸਕ ਦੀ ਸ਼ਾਹੀ ਜਾਇਦਾਦ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਵਿੱਚ ਵੰਡਣ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੇ ਜਾਣ ਤੋਂ ਇੱਕ ਸਾਲ ਬਾਅਦ ਇਹ ਅਰਜ਼ੀ ਦਾਇਰ ਕੀਤੀ ਗਈ ਸੀ। ਚੰਡੀਗੜ੍ਹ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਡਿਕਰੀ ਧਾਰਕ ਅਨੁਸਾਰ ਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੇ ਚਾਰ ਕਾਨੂੰਨੀ ਵਾਰਸ; ਮਹਾਰਾਣੀ ਮਹਿੰਦਰ ਕੌਰ (ਮਾਤਾ) ਅਤੇ ਤਿੰਨ ਧੀਆਂ ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਰਾਣੀ ਦੀਪਇੰਦਰ ਕੌਰ ਅਤੇ ਰਾਜਕੁਮਾਰੀ ਮਹੀਪ ਇੰਦਰ ਕੌਰ ਹੋਣਗੇ। ਹਾਈ ਕੋਰਟ ਨੇ ਪਹਿਲੀ ਜੂਨ 2020 ਦੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਅਮਰਿੰਦਰ ਸਿੰਘ ਦੇ ਪਿਤਾ ਮਰਹੂਮ ਭਰਤ ਇੰਦਰ ਸਿੰਘ 29 ਮਾਰਚ 1990 ਨੂੰ ਮਹਾਰਾਣੀ ਮਹਿੰਦਰ ਕੌਰ ਵੱਲੋਂ ਰਜਿਸਟਰਡ ਕੀਤੀ ਗਈ ਵਸੀਅਤ ਦੇ ਅਧਾਰ ’ਤੇ ਉਨ੍ਹਾਂ ਦੇ ਅਨੁਪਾਤਕ ਹਿੱਸੇ ਦੇ ਉੱਤਰਾਧਿਕਾਰੀ ਹੋਣਗੇ। ਹਾਲਾਂਕਿ ਇਸ ਵਿਵਾਦ ਦੌਰਾਨ ਰਾਜਕੁਮਾਰੀ ਮਹੀਪ ਇੰਦਰ ਕੌਰ ਦਾ ਵਸੀਅਤ ਬਣਾਉਣ ਤੋਂ ਪਹਿਲਾਂ ਹੀ ਦੇਹਾਂਤ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਹਿੱਸੇਦਾਰੀ ’ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ। ਰਾਜਕੁਮਾਰੀ ਮਹੀਪ ਇੰਦਰ ਕੌਰ ਦੀਆਂ ਦੋ ਭੈਣਾਂ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਮਹਾਰਾਣੀ ਦੀਪਇੰਦਰ ਕੌਰ ਸਨ। ਮਹਾਰਾਣੀ ਦੀਪਇੰਦਰ ਕੌਰ ਦੇ ਵਾਰਸਾਂ ਦੇ ਵਕੀਲਾਂ ਨੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਦੇ ਆਧਾਰ ’ਤੇ ਅਮਰਿੰਦਰ ਸਿੰਘ ਦਾ ਹਿੱਸਾ ਵਧਾਉਣ ਵਾਲੀ ਪਟੀਸ਼ਨ ਦਾ ਵਿਰੋਧ ਕੀਤਾ।
ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਕੀਤਾ ਕਿ ਰਾਜਕੁਮਾਰੀ ਮਹੀਪ ਇੰਦਰ ਕੌਰ ਦਾ ਹਿੱਸਾ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਰਾਜਾ ਹਰਿੰਦਰ ਸਿੰਘ ਨੂੰ ਵਾਪਸ ਜਾਵੇਗਾ। ਇਸ ਤੋਂ ਬਾਅਦ ਇਹ ਹਿੱਸਾ ਉਨ੍ਹਾਂ ਦੇ ਬਾਕੀ ਕਾਨੂੰਨੀ ਵਾਰਸਾਂ ਮਹਾਰਾਣੀ ਮਹਿੰਦਰ ਕੌਰ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਰਾਜਕੁਮਾਰੀ ਦੀਪਇੰਦਰ ਕੌਰ ਵਿੱਚ ਬਰਾਬਰ ਵੰਡਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ 33.3 ਫੀਸਦ, ਮਹਾਰਾਣੀ ਦੀਪਇੰਦਰ ਕੌਰ ਨੂੰ 33.3 ਅਤੇ ਮਹਾਰਾਣੀ ਮਹਿੰਦਰ ਕੌਰ ਦੇ ਕਾਨੂੰਨੀ ਵਾਰਸਾਂ ਨੂੰ ਵੀ 33.3 ਫੀਸਦ ਹਿੱਸਾ ਮਿਲੇਗਾ। ਇਸ ਦੇ ਨਾਲ ਹੀ ਕੰਵਰ ਮਨਜੀਤ ਇੰਦਰ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ, ਇਸ ਲਈ ਕੰਵਰ ਭਰਤਇੰਦਰ ਸਿੰਘ 16.67 ਫੀਸਦ ਅਤੇ ਰਾਜਕੁਮਾਰੀ ਦਵਿੰਦਰ ਕੌਰ ਵੀ 16.67 ਫੀਸਦ ਹਿੱਸੇ ਦੇ ਮਾਲਕ ਹੋਣਗੇ। ਉਨ੍ਹਾਂ ਦੀ ਮੌਤ ’ਤੇ ਇਹ ਹਿੱਸਾ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਵਿੱਚ ਬਰਾਬਰ ਵੰਡ ਦਿੱਤਾ ਜਾਵੇਗਾ।
1992 ਵਿੱਚ ਸ਼ੁਰੂ ਹੋਈ ਸੀ ਕਾਨੂੰਨੀ ਲੜਾਈ\B
ਇਸ ਲੰਬੀ ਕਾਨੂੰਨੀ ਲੜਾਈ 1992 ਵਿੱਚ ਸ਼ੁਰੂ ਹੋਈ ਸੀ, ਜਦੋਂ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਆਪਣੇ ਪਿਤਾ ਦੀ 1982 ਦੀ ਵਸੀਅਤ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਜਾਇਦਾਦ ‘ਮਹਾਰਾਵਲ ਖੇਵਾਜੀ ਟਰੱਸਟ’ ਨੂੰ ਦਿੱਤੀ ਗਈ ਸੀ। ਫ਼ਰੀਦਕੋਟ ਦੇ ਆਖ਼ਰੀ ਸ਼ਾਸਕ ਮਹਾਰਾਜਾ ਹਰਿੰਦਰ ਸਿੰਘ ਬਰਾੜ 1918 ਵਿੱਚ ਤਿੰਨ ਸਾਲ ਦੀ ਉਮਰ ਵਿੱਚ ਰਾਜਾ ਬਣੇ ਸਨ। ਉਨ੍ਹਾਂ ਦੇ ਪੁੱਤਰ ਦੀ 1981 ਵਿੱਚ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਵਸੀਅਤ ਲਿਖਵਾਈ ਸੀ। ਇਸ ਵਿਵਾਦ ਤੋਂ ਬਾਅਦ ਜਾਇਦਾਦ ਦੀ ਵੰਡ ਦਾ ਮਾਮਲਾ ਲੰਬੇ ਸਮੇਂ ਤੱਕ ਅਦਾਲਤਾਂ ਵਿੱਚ ਚੱਲਦਾ ਰਿਹਾ।