ਪਰਿਸ਼ਦ-ਸਮਿਤੀ ਚੋਣਾਂ: ਕਾਂਗਰਸ ਵੀ ਹਾਈ ਕੋਰਟ ਪੁੱਜੀ
ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਹੋਈ ਜ਼ਿਆਦਤੀ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਇਸ ’ਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦੀ ਤਰੀਕ ’ਚ ਵਾਧੇ ਦੀ ਮੰਗ ਉਠਾਈ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਹਾਈ ਕੋਰਟ ’ਚ ਪਹੁੰਚ ਕਰ ਚੁੱਕਾ ਹੈ।
ਪੰਜਾਬ ਕਾਂਗਰਸ ਦੇ ਬੁਲਾਰੇ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਡਿਆਲ ਨੇ ਦੱਸਿਆ ਕਿ ਚੀਫ ਜਸਟਿਸ ਮਾਮਲੇ ਦੀ ਸੁਣਵਾਈ ਕਰਨਗੇ। ਪਟੀਸ਼ਨ ’ਚ ਤਿੰਨ ਮੰਗਾਂ ਉਠਾਈਆਂ ਗਈਆਂ ਹਨ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਬਹੁਤੇ ਵਿਰੋਧੀ ਉਮੀਦਵਾਰ ਪੁਲੀਸ ਦੀਆਂ ਰੁਕਾਵਟਾਂ ਕਰ ਕੇ ਕਾਗ਼ਜ਼ ਦਾਖਲ ਨਹੀਂ ਕਰ ਸਕੇ , ਜਿਸ ਕਰ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਤਰੀਕ ਵਧਾਈ ਜਾਵੇ। ਪਟੀਸ਼ਨ ’ਚ ਇਹ ਮੰਗ ਵੀ ਕੀਤੀ ਗਈ ਹੈ ਕਿ ਚੋਣਾਂ ਲਈ ਕਾਗ਼ਜ਼ ਦਾਖ਼ਲ ਕਰਨ ਦੌਰਾਨ ਜਿਨ੍ਹਾਂ ਪੁਲੀਸ ਅਫਸਰਾਂ ਨੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਚੋਣਾਂ ਨੂੰ ਨਿਰਪੱਖ ਤੇ ਸੁਤੰਤਰ ਤਰੀਕੇ ਨਾਲ ਕਰਾਉਣ ਲਈ ਕਮੇਟੀ ਬਣਾਈ ਜਾਵੇ ਜਾਂ ਫਿਰ ਅਬਜ਼ਰਵਰ ਤਾਇਨਾਤ ਕੀਤੇ ਜਾਣ।
ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ
ਚੰਡੀਗੜ੍ਹ (ਟਨਸ): ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਅੱਜ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਸੂਬੇ ਦੀਆਂ 22 ਜ਼ਿਲ੍ਹਾ ਪਰਿਸ਼ਦਾਂ ਅਤੇ 153 ਪੰਚਾਇਤ ਸਮਿਤੀਆਂ ਲਈ ਦਾਖਲ ਹੋਏ ਕਾਗ਼ਜ਼ਾਂ ਦੀ ਪੜਤਾਲ ਦਾ ਕੰਮ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ’ਚ ਹੋਇਆ। ਕਾਗ਼ਜ਼ਾਂ ਦੀ ਪੜਤਾਲ ਮੌਕੇ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਬਾਕੀ ’ਤੇ ਮਾਹੌਲ ਸ਼ਾਂਤ ਹੀ ਰਿਹਾ। ਕਾਗ਼ਜ਼ਾਂ ਨਾਲ ਲੋੜੀਂਦੇ ਦਸਤਾਵੇਜ਼ ਨਾ ਹੋਣ, ਦੇਣਦਾਰੀਆਂ ਜਾਂ ਫਿਰ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਾਬਜ਼ ਹੋਣ ਦੀਆਂ ਸ਼ਿਕਾਇਤਾਂ ਵਾਲੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਕਈ ਥਾਵਾਂ ’ਤੇ ਪੜਤਾਲ ਮੌਕੇ ਵਿਰੋਧੀ ਉਮੀਦਵਾਰਾਂ ਨੇ ਇਤਰਾਜ਼ ਵੀ ਜਤਾਏ ਹਨ। ਜ਼ਿਲ੍ਹਾ ਮਾਨਸਾ ’ਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਛੇ-ਛੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ। ਮਾਨਸਾ ’ਚ ਜ਼ਿਲ੍ਹਾ ਪਰਿਸ਼ਦ ਲਈ 59 ਅਤੇ ਪੰਚਾਇਤ ਸਮਿਤੀਆਂ ਲਈ 65 ਉਮੀਦਵਾਰਾਂ ਦੇ ਕਾਗ਼ਜ਼ ਦਰੁਸਤ ਪਾਏ ਗਏ ਹਨ। ਜ਼ਿਲ੍ਹਾ ਪਰਿਸ਼ਦ ਲਈ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਟਿਆਲਾ ਜ਼ਿਲ੍ਹੇ ’ਚ ਸਭ ਤੋਂ ਵੱਧ 148-148 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ।
