ਕਫ਼ ਸੀਰਪ ਮੌਤ ਮਾਮਲਾ: ਕੋਲਡਰਿਫ਼ ਬਣਾਉਣ ਵਾਲੇ ਵਿਰੁੱਧ ਜਾਂਚ ਵਿੱਚ ਡਰੱਗ ਵਿਭਾਗ ਦੀ ਕੋਤਾਹੀ ਸਾਹਮਣੇ ਆਈ
ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੱਧ ਪ੍ਰਦੇਸ਼ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕੋਲਡਰਿਫ਼ ਕਫ਼ ਸੀਰਪ ਦੇ ਕਾਂਚੀਪੁਰਮ ਸਥਿਤ ਨਿਰਮਾਤਾ ਵਿਰੁੱਧ ਕੀਤੀ ਗਈ ਜਾਂਚ ਵਿੱਚ ਤਾਮਿਲਨਾਡੂ ਖੁਰਾਕ ਅਤੇ ਡਰੱਗ ਵਿਭਾਗ (ਟੀ.ਐਨ.ਐੱਫ਼.ਡੀ.ਏ.) ਦੁਆਰਾ ਮੁੱਢਲੇ ਰੈਗੂਲੇਟਰੀ ਮਾਪਦੰਡਾਂ ਨੂੰ ਲਾਗੂ ਕਰਨ ਵਿੱਚ ਕੋਤਾਹੀ ਸਾਹਮਣੇ ਆਈ ਹੈ।
ਸੂਤਰਾਂ ਨੇ ਦੱਸਿਆ ਕਿ ਸਾਲ 2011 ਵਿੱਚ ਲਾਇਸੰਸ ਪ੍ਰਾਪਤ ਕਰਨ ਵਾਲੀ ਸ਼੍ਰੀਸਨ ਫਾਰਮਾ ਨੇ ਆਪਣੇ ਮਾੜੇ ਬੁਨਿਆਦੀ ਢਾਂਚੇ ਅਤੇ ਰਾਸ਼ਟਰੀ ਡਰੱਗ ਸੁਰੱਖਿਆ ਨਿਯਮਾਂ ਦੀਆਂ ਕਈ ਉਲੰਘਣਾਵਾਂ ਦੇ ਬਾਵਜੂਦ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬਿਨਾਂ ਕਿਸੇ ਰੋਕ-ਟੋਕ ਦੇ ਕੰਮ ਕਰਨਾ ਜਾਰੀ ਰੱਖਿਆ।
CDSCO ਵੱਲੋਂ ਹਾਲ ਹੀ ਵਿੱਚ ਕੀਤੀ ਗਈ ਜਾਂਚ ਵਿੱਚ ਯੂਨਿਟ ਦੀ ਭਿਆਨਕ ਸਥਿਤੀ ਅਤੇ ਵਸਤੂ ਨਿਰਮਾਣ ਪ੍ਰਕਿਰਿਆ (GMP) ਦੀ ਪੂਰੀ ਤਰ੍ਹਾਂ ਗੈਰ-ਪਾਲਣਾ ਸਾਹਮਣੇ ਆਈ।
ਇੱਕ ਸੂਤਰ ਨੇ ਕਿਹਾ, “ਸੀਡੀਐਸਸੀਓ ਸ਼੍ਰੀਸਨ ਫਾਰਮਾ ਵਿੱਚ ਕਿਸੇ ਵੀ ਆਡਿਟ ਵਿੱਚ ਸ਼ਾਮਲ ਨਹੀਂ ਰਿਹਾ ਹੈ। ਸੂਬਾ ਐੱਫ਼.ਡੀ.ਏ. (ਖੁਰਾਕ ਅਤੇ ਡਰੱਗ ਪ੍ਰਸ਼ਾਸਨ) ਨੇ ਸੀਡੀਐਸਸੀਓ ਨੂੰ ਇਸ ਕੰਪਨੀ ਬਾਰੇ ਕਿਸੇ ਵੀ ਤਰੀਕੇ ਨਾਲ ਸੂਚਿਤ ਨਹੀਂ ਕੀਤਾ, ਇਸ ਲਈ ਇਹ ਕੰਪਨੀ ਸੀਡੀਐਸਸੀਓ ਦੇ ਕਿਸੇ ਵੀ ਡੇਟਾਬੇਸ ਦਾ ਹਿੱਸਾ ਨਹੀਂ ਸੀ।"
ਉਧਰ ਟੀ ਐੱਨ ਐੱਫ਼ ਡੀ ਏ ਦੇ ਅਧਿਕਾਰੀਆਂ ਤੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ।
ਸੂਤਰ ਨੇ ਕਿਹਾ, “ਕੰਪਨੀ ਨੇ ਆਪਣੇ ਉਤਪਾਦਾਂ ਨੂੰ ਡੇਟਾਬੇਸ 'ਤੇ ਰਜਿਸਟਰ ਨਹੀਂ ਕੀਤਾ। ਇਸ ਤਰ੍ਹਾਂ ਇਸ ਨੇ ਨਿਯਮ ਦੀ ਪਾਲਣਾ ਨਹੀਂ ਕੀਤੀ। ਰਾਜ ਰੈਗੂਲੇਟਰ ਦੀ ਜ਼ਿੰਮੇਵਾਰੀ ਹੈ ਕਿ ਉਹ ਰਾਜ ਵਿੱਚ ਇਸ ਨਿਯਮ ਨੂੰ ਲਾਗੂ ਕਰਵਾਏ।’’