ਕਫ ਸਿਰਪ ਮਾਮਲਾ: ਈਡੀ ਵੱਲੋਂ ਕਈ ਸੂਬਿਆਂ ਵਿੱਚ ਛਾਪੇਮਾਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਇੱਕ ਕਥਿਤ ਨਾਜਾਇਜ਼ ਕਫ ਸਿਰਪ ਵਪਾਰ ਰੈਕੇਟ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਵੱਖ-ਵੱਖ ਰਾਜਾਂ ਵਿੱਚ ਕਈ ਥਾਵਾਂ 'ਤੇ ਛਾਪੇ ਮਾਰੇ ਹਨ।
ਉਨ੍ਹਾਂ ਦੱਸਿਆ ਕਿ ਇਹ ਤਲਾਸ਼ੀਆਂ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਜੌਨਪੁਰ ਅਤੇ ਸਹਾਰਨਪੁਰ ਦੇ 25 ਟਿਕਾਣਿਆਂ ਤੋਂ ਇਲਾਵਾ ਰਾਂਚੀ ਅਤੇ ਅਹਿਮਦਾਬਾਦ ਵਿੱਚ ਸਥਿਤ ਟਿਕਾਣਿਆਂ ਨੂੰ ਕਵਰ ਕਰ ਰਹੀਆਂ ਹਨ। ਕੇਂਦਰੀ ਜਾਂਚ ਏਜੰਸੀ ਨੇ ਕਥਿਤ ਨਾਜਾਇਜ਼ ਵਪਾਰ ਦੀ ਜਾਂਚ ਲਈ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ।
ਈ ਡੀ ਅਧਿਕਾਰੀਆਂ ਅਨੁਸਾਰ ਫਰਾਰ ਮੁੱਖ ਦੋਸ਼ੀ ਸ਼ੁਭਮ ਜੈਸਵਾਲ ਅਤੇ ਉਸ ਦੇ ਕਥਿਤ ਸਾਥੀਆਂ ਆਲੋਕ ਸਿੰਘ, ਅਮਿਤ ਸਿੰਘ ਅਤੇ ਕੁਝ ਹੋਰਾਂ, ਕਫ ਸਿਰਪ ਨਿਰਮਾਤਾਵਾਂ ਅਤੇ ਇੱਕ ਚਾਰਟਰਡ ਅਕਾਊਂਟੈਂਟ (CA) ਵਿਸ਼ਨੂੰ ਅਗਰਵਾਲ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।
ਈ ਡੀ ਦੀ ਇਹ ਕਾਰਵਾਈ ਲਗਭਗ 30 ਯੂ ਪੀ ਪੁਲਿਸ ਐੱਫ ਆਈ ਆਰਜ਼ 'ਤੇ ਅਧਾਰਤ ਹੈ ਜੋ ਰਾਜ ਸਰਕਾਰ ਵੱਲੋਂ ਕੋਡੀਨ-ਅਧਾਰਤ ਕਫ ਸਿਰਪ (CBCS) ਦੀ ਦੁਰਵਰਤੋਂ, ਉਨ੍ਹਾਂ ਦੇ ਨਾਜਾਇਜ਼ ਨਿਰਮਾਣ, ਵਪਾਰ ਅਤੇ ਆਵਾਜਾਈ ਨਾਲ ਸਬੰਧਤ ਘਟਨਾਵਾਂ, ਜਿਸ ਵਿੱਚ ਬੰਗਲਾਦੇਸ਼ ਸਰਹੱਦ ਪਾਰ ਦਾ ਵਪਾਰ ਵੀ ਸ਼ਾਮਲ ਹੈ, ਦਾ ਨੋਟਿਸ ਲੈਣ ਤੋਂ ਬਾਅਦ ਦਰਜ ਕੀਤੀਆਂ ਗਈਆਂ ਸਨ।
ਈ.ਡੀ. ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਪਰਾਧ ਤੋਂ ਪ੍ਰਾਪਤ ਕੁੱਲ ਰਾਸ਼ੀ ਲਗਪਗ 1,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਸ਼ੁਭਮ ਜੈਸਵਾਲ ਦੇ ਦੁਬਈ ਭੱਜ ਜਾਣ ਦੀ ਖ਼ਬਰ ਹੈ ਜਦੋਂ ਕਿ ਉਸਦੇ ਪਿਤਾ ਨੂੰ ਯੂ ਪੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਬਾ ਪੁਲੀਸ ਵੱਲੋਂ ਹੁਣ ਤੱਕ ਕੁੱਲ 32 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਐੱਸ ਆਈ ਟੀ (SIT) ਦਾ ਗਠਨ ਕੀਤਾ ਹੈ।
