ਸ਼ੇਖ ਹਸੀਨਾ ਤੇ 17 ਜਣਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮੁਕੱਦਮਾ ਸ਼ੁਰੂ
ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭਤੀਜੀ ਅਜ਼ਮੀਨਾ ਸਿੱਦੀਕ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਸਮੇਤ 17 ਹੋਰਾਂ ਖ਼ਿਲਾਫ਼ ਕਥਿਤ ਰਿਹਾਇਸ਼ੀ ਪਲਾਟ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਢਾਕਾ ਦੀ ਅਦਾਲਤ ਵਿੱਚ ਸ਼ਿਕਾਇਤਕਰਤਾ ਦੇ ਬਿਆਨਾਂ ਨਾਲ ਮੁਕੱਦਮਾ ਸ਼ੁਰੂ ਹੋ ਗਿਆ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
‘ਡੇਲੀ ਸਟਾਰ’ ਅਖਬਾਰ ਦੀ ਰਿਪੋਰਟ ਮੁਤਾਬਕ, ਭ੍ਰਿਸ਼ਟਾਚਾਰ ਰੋਕੂ ਕਮਿਸ਼ਨ (ਏਸੀਸੀ) ਦੇ ਸਹਾਇਕ ਨਿਰਦੇਸ਼ਕ ਤੇ ਸ਼ਿਕਾਇਤਕਰਤਾ ਅਫਨਾਨ ਜੰਨਤ ਕੀਆ ਨੇ ਅੱਜ ਦੁਪਹਿਰ ਸਮੇਂ ਢਾਕਾ ਵਿੱਚ ਵਿਸ਼ੇਸ਼ ਅਦਾਲਤ-4 ਦੇ ਜੱਜ ਮੁਹੰਮਦ ਰਬੀਉੱਲ ਆਲਮ ਸਾਹਮਣੇ ਆਪਣੀ ਗਵਾਹੀ ਦਰਜ ਕਰਵਾਈ। ਇਸ ਤੋਂ ਪਹਿਲਾਂ ਏਸੀਸੀ ਦੇ ਡਿਪਟੀ ਡਾਇਰੈਕਟਰ ਮੁਹੰਮਦ ਸਲਾਹੂਦੀਨ, ਜੋ ਇੱਕ ਹੋਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਵੀ ਹਨ, ਨੇ ਹਸੀਨਾ, ਸ਼ੇਖ ਰੇਹਾਨਾ ਅਤੇ ਟਿਊਲਿਪ ਸਮੇਤ 17 ਜਣਿਆਂ ਖ਼ਿਲਾਫ਼ ਦਾਇਰ ਇੱਕ ਹੋਰ ਮਾਮਲੇ ਵਿੱਚ ਜੱਜ ਆਲਮ ਅੱਗੇ ਆਪਣਾ ਬਿਆਨ ਦਰਜ ਕਰਵਾਇਆ। ਲੰਡਨ ਵਿੱਚ ਰਹਿਣ ਵਾਲੀ ਸਿੱਦੀਕ ਬ੍ਰਿਟਿਸ਼ ਰਾਜਧਾਨੀ ਦੇ ਹੈਂਪਸਟੈਡ ਅਤੇ ਹਾਈਗੇਟ ਹਲਕੇ ਤੋਂ ਸੱਤਾਧਾਰੀ ਲੇਬਰ ਪਾਰਟੀ ਦੀ ਟਿਕਟ ’ਤੇ ਸੰਸਦ ਮੈਂਬਰ ਲਈ ਚੁਣੀ ਗਈ ਸੀ।