500 ਕਰੋੜ ਰੁਪਏ... ਟਿੱਪਣੀ ’ਤੇ ਵਿਵਾਦ; ਡੀਕੇ ਸ਼ਿਵਕੁਮਾਰ ਨੇ ਨਵਜੋਤ ਕੌਰ ਸਿੱਧੂ ਨੂੰ ਦਿੱਤੀ ਅਜਿਹੀ ਸਲਾਹ !
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸੋਮਵਾਰ ਨੂੰ ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੂੰ ਉਨ੍ਹਾਂ ਦੇ ‘ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ’ ਵਾਲੇ ਬਿਆਨ ’ਤੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਕਿਸੇ ‘ਚੰਗੇ ਮਾਨਸਿਕ ਹਸਪਤਾਲ’ ਵਿੱਚ ਦਾਖਲ ਹੋ ਜਾਣਾ ਚਾਹੀਦਾ ਹੈ।
ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ, “ਜੋ 500 ਕਰੋੜ ਰੁਪਏ ਵਾਲਾ ਸੂਟਕੇਸ ਦਿੰਦਾ ਹੈ, ਉਹੀ ਮੁੱਖ ਮੰਤਰੀ ਬਣਦਾ ਹੈ।” ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹੰਗਾਮਾ ਮਚ ਗਿਆ ਅਤੇ ਭਾਜਪਾ ਤੇ ‘ਆਪ’ ਨੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ।
ਉਨ੍ਹਾਂ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਅਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਿਹਾ, “ ਉਨ੍ਹਾਂ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਵੇ, ਕਿਸੇ ਚੰਗੇ ਮਾਨਸਿਕ ਹਸਪਤਾਲ ਵਿੱਚ।”
ਨਵਜੋਤ ਕੌਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਹੀ ਸਰਗਰਮ ਸਿਆਸਤ ਵਿੱਚ ਵਾਪਸ ਆਉਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸਾ ਨਹੀਂ ਹੈ ਪਰ ਉਹ ਪੰਜਾਬ ਨੂੰ ‘ਸੁਨਹਿਰਾ ਸੂਬਾ’ ਬਣਾ ਸਕਦੇ ਹਨ।
ਉਨ੍ਹਾਂ ਨੇ ਸ਼ਨੀਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਅਸੀਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਾਂ... ਪਰ ਸਾਡੇ ਕੋਲ 500 ਕਰੋੜ ਰੁਪਏ ਨਹੀਂ ਹਨ ਜੋ ਅਸੀਂ ਮੁੱਖ ਮੰਤਰੀ ਦੀ ਕੁਰਸੀ ਲਈ ਦੇ ਸਕੀਏ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਨੇ ਉਨ੍ਹਾਂ ਤੋਂ ਪੈਸੇ ਮੰਗੇ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ, ਬਲਕਿ “ਜੋ 500 ਕਰੋੜ ਰੁਪਏ ਵਾਲਾ ਸੂਟਕੇਸ ਦਿੰਦਾ ਹੈ, ਉਹੀ ਮੁੱਖ ਮੰਤਰੀ ਬਣ ਜਾਂਦਾ ਹੈ।” ਬਾਅਦ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।
ਨਵਜੋਤ ਕੌਰ ਨੇ ਐਤਵਾਰ ਸ਼ਾਮ ਨੂੰ X ’ਤੇ ਪੋਸਟ ਕਰਦੇ ਹੋਏ ਲਿਖਿਆ, “ਮੈਨੂੰ ਇਹ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਮੇਰੀ ਸਿੱਧੀ ਗੱਲ ਨੂੰ ਕਿਵੇਂ ਮੋੜ ਦਿੱਤਾ ਗਿਆ। ਸਾਡੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ। ਜਦੋਂ ਪੁੱਛਿਆ ਗਿਆ ਕਿ ਕੀ ਨਵਜੋਤ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਹਨ, ਤਾਂ ਮੈਂ ਸਿਰਫ਼ ਇੰਨਾ ਹੀ ਕਿਹਾ ਕਿ ਸਾਡੇ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਦੇਣ ਨੂੰ ਕੋਈ ਪੈਸਾ ਨਹੀਂ ਹੈ।”
