ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਵਿਧਾਨ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ: ਦਰੋਪਦੀ ਮੁਰਮੂ

ਰਾਸ਼ਟਰਪਤੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ’ਤੇ ਦਿੱਤਾ ਜ਼ੋਰ; ਉਪ ਰਾਸ਼ਟਰਪਤੀ ਨੇ ਅਸ਼ਾਂਤੀ ਫੈਲਾਉਣ ਨੂੰ ਜਮਹੂਰੀ ਸੰਸਥਾਵਾਂ ਲਈ ਖਤਰਾ ਦੱਸਿਆ
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸੰਵਿਧਾਨ ਦਿਵਸ ਨੂੰ ਸਮਰਪਿਤ ਸਿੱਕਾ ਜਾਰੀ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 26 ਨਵੰਬਰ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ ਦਸਦਿਆਂ ਅੱਜ ਕਿਹਾ ਕਿ ਇਸ ਦੀ ਭਾਵਨਾ ਅਨੁਸਾਰ ਕਾਰਜ ਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂ ਪਾਲਿਕਾ ਦਾ ਫਰਜ਼ ਮਿਲ ਕੇ ਨਾਗਰਿਕਾਂ ਦਾ ਜੀਵਨ ਸੁਖਾਲਾ ਬਣਾਉਣਾ ਹੈ। ਮੁਰਮੂ ਨੇ ਸੰਵਿਧਾਨ ਦਿਵਸ ਮੌਕੇ ਇਹ ਵੀ ਕਿਹਾ ਕਿ ਦੇਸ਼ ਦੇ ਸੰਵਿਧਾਨ ’ਚ ਹਰ ਨਾਗਰਿਕ ਦੇ ਬੁਨਿਆਦੀ ਫਰਜ਼ ਸਪੱਸ਼ਟ ਤੌਰ ’ਤੇ ਪਰਿਭਾਸ਼ਤ ਹਨ ਜਿਨ੍ਹਾਂ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨ, ਸੁਹਿਰਦਾ ਵਧਾਉਣ ਅਤੇ ਮਹਿਲਾਵਾਂ ਦਾ ਮਾਣ-ਸਨਮਾਨ ਬਣਾਏ ਰੱਖਣ ’ਤੇ ਜ਼ੋਰ ਦਿੱਤਾ ਗਿਆ ਹੈ।

Advertisement

ਸੰਵਿਧਾਨ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ਦੇ ਕੇਂਦਰੀ ਹਾਲ ’ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਸੰਵਿਧਾਨ ਦੀ ਭਾਵਨਾ ਅਨੁਸਾਰ ਕਾਰਜ ਪਾਲਿਕਾ, ਵਿਧਾਨ ਪਾਲਿਕਾ ਤੇ ਨਿਆਂ ਪਾਲਿਕਾ ਦਾ ਫਰਜ਼ ਨਾਗਰਿਕਾਂ ਦਾ ਜੀਵਨ ਸੁਖਾਲਾ ਬਣਾਉਣਾ ਹੈ। ਸੰਸਦ ਵੱਲੋਂ ਪਾਸ ਕੀਤੇ ਗਏ ਨਿਯਮਾਂ ਨਾਲ ਇਨ੍ਹਾਂ ਖਾਹਿਸ਼ਾਂ ਨੂੰ ਮਜ਼ਬੂਤੀ ਮਿਲੀ ਹੈ।’ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਜੇ ਪਾਰਟੀਆਂ ਧਰਮ ਨੂੰ ਦੇਸ਼ ਤੋਂ ਉੱਪਰ ਰਖਦੀਆਂ ਹਨ ਤਾਂ ਸਾਡੀ ਆਜ਼ਾਦੀ ਦੂਜੀ ਵਾਰ ਖਤਰੇ ’ਚ ਪੈ ਜਾਵੇਗੀ। ਉਨ੍ਹਾਂ ਚੌਕਸ ਕੀਤਾ ਕਿ ਰਣਨੀਤੀ ਦੇ ਰੂਪ ’ਚ ਅਸ਼ਾਂਤੀ ਫੈਲਾਉਣਾ ਜਮਹੂਰੀ ਸੰਸਥਾਵਾਂ ਲਈ ਖਤਰਨਾਕ ਹੈ। -ਪੀਟੀਆਈ

‘ਦੇਸ਼ ਪਹਿਲਾਂ’ ਦੀ ਭਾਵਨਾ ਸੰਵਿਧਾਨ ਨੂੰ ਹਮੇਸ਼ਾ ਜਿਊਂਦਾ ਰੱਖੇਗੀ: ਮੋਦੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦਿਵਸ ਮੌਕੇ ਸੁਪਰੀਮ ਕੋਰਟ ’ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਵਿਧਾਨ ਨੂੰ ਦੇਸ਼ ਦੇ ਵਰਤਮਾਨ ਤੇ ਭਵਿੱਖ ਦਾ ਮਾਰਗ ਦਰਸ਼ਕ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਮਾਜਿਕ ਤੇ ਵਿੱਤੀ ਬਰਾਬਰੀ ਲਿਆਉਣ ਲਈ ਕਈ ਕਦਮ ਚੁੱਕ ਕੇ ਸੰਵਿਧਾਨਕ ਮੁੱਲਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਇਮਾਨਦਾਰ ਲੋਕਾਂ ਦੇ ਸਮੂਹ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਜੋ ਆਪਣੇ ਹਿੱਤਾਂ ਤੋਂ ਅੱਗੇ ਦੇਸ਼ ਨੂੰ ਰੱਖਣਗੇ। ਮੋਦੀ ਨੇ ਕਿਹਾ, ‘ਦੇਸ਼ ਸਭ ਤੋਂ ਪਹਿਲਾਂ ਦੀ ਇਹੀ ਭਾਵਨਾ ਭਾਰਤ ਦੇ ਸੰਵਿਧਾਨ ਨੂੰ ਆਉਣ ਵਾਲੀਆਂ ਸਦੀਆਂ ਤੱਕ ਜਿਊਂਦਾ ਰੱਖੇਗੀ।’ -ਪੀਟੀਆਈ

Advertisement