ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਵਿਧਾਨ ਚੁਣੌਤੀਆਂ ਨਾਲ ਘਿਰਿਆ , ਦੇਸ਼ ’ਚ ਲੋਕਤੰਤਰ ਦੀ ਘਾਟ: ਰੈੱਡੀ

ਰਾਸ਼ਟਰਪਤੀ ਚੋਣ ਲਈ ਇੰਡੀਆ ਗੱਠਜੋਡ਼ ਦੇ ਉਮੀਦਵਾਰ ਨੇ ਕਾਲੇ ਧਨ ਦੀ ਵਾਪਸੀ ’ਤੇ ਦਿੱਤਾ ਜ਼ੋਰ
ਖ਼ਬਰ ਏਜੰਸੀ ਨੂੰ ਇੰਟਰਵਿਊ ਦਿੰਦੇ ਹੋਏ ਬੀ. ਸੁਦਰਸ਼ਨ ਰੈੱਡੀ।
Advertisement

ਨਵੀਂ ਦਿੱਲੀ, 23 ਅਗਸਤ

ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੇ ਅੱਜ ਕਿਹਾ ਕਿ ਦੇਸ਼ ’ਚ ‘ਲੋਕਤੰਤਰ ਦੀ ਘਾਟ’ ਹੈ ਅਤੇ ਸੰਵਿਧਾਨ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਸ ਵੱਕਰੀ ਸੰਵਿਧਾਨਕ ਅਹੁਦੇ ਲਈ ਚੁਣੇ ਜਾਂਦੇ ਹਨ ਤਾਂ ਸੰਵਿਧਾਨ ਦੀ ਰਾਖੀ ਤੇ ਸੰਭਾਲ ਲਈ ਵਚਨਬੱਧ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ’ਚ ਜਮ੍ਹਾਂ ਕਾਲਾ ਧਨ ਦੇਸ਼ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।

Advertisement

ਰੈੱਡੀ ਨੇ ਪੀਟੀਆਈ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਵਿਘਨ ਵੀ ਜ਼ਰੂਰੀ ਹੈ ਪਰ ਇਸ ਨੂੰ ਜਮਹੂਰੀ ਪ੍ਰਕਿਰਿਆ ਦਾ ਅਟੁੱਟ ਅੰਗ ਨਹੀਂ ਬਣਨ ਦੇਣਾ ਚਾਹੀਦਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਕਿਹਾ ਕਿ ਪਹਿਲਾਂ ਘਾਟੇ ਵਾਲੇ ਅਰਥਚਾਰੇ ਦੀ ਗੱਲ ਹੁੰਦੀ ਸੀ ਪਰ ਹੁਣ ‘ਡੈਫਿਸਿਟ ਇਨ ਡੈਮੋਕਰੇਸੀ’ (ਲੋਕਤੰਤਰ ਦੀ ਘਾਟ) ਹੈ। ਰੈੱਡੀ ਨੇ ਕਿਹਾ ਕਿ ਭਾਰਤ ਇੱਕ ਸੰਵਿਧਾਨਕ ਲੋਕਤੰਤਰ ਬਣਿਆ ਹੋਇਆ ਹੈ ਫਿਰ ਵੀ ਇਹ ‘ਮੁਸ਼ਕਿਲ ਵਿੱਚ’ ਹੈ। ਉਨ੍ਹਾਂ ਇਸ ਵਿਸ਼ੇ ’ਤੇ ਚਰਚਾ ਦਾ ਸਵਾਗਤ ਕੀਤਾ ਕਿ ਕੀ ਮੌਜੂਦਾ ਸਮੇਂ ਸੰਵਿਧਾਨ ’ਤੇ ਹਮਲਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਚੋਣ ਉਨ੍ਹਾਂ ਤੇ ਐੱਨਡੀਏ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਵਿਚਾਲੇ ਮੁਕਾਬਲਾ ਨਹੀਂ ਬਲਕਿ ਦੋ ਵੱਖ ਵੱਖ ਵਿਚਾਰਧਾਰਾਵਾਂ ਦੀ ਨਮਾਇੰਦਗੀ ਕਰਨ ਵਾਲਿਆਂ ਵਿਚਾਲੇ ਮੁਕਾਬਲਾ ਹੈ। ਉਨ੍ਹਾਂ ਕਿਹਾ, ‘ਇੱਥੇ ਇਕ ਵਿਅਕਤੀ ਆਰਐੱਸਐੱਸ ਕਾਰਕੁਨ ਹੈ। ਜਿੱਥੇ ਤੱਕ ਮੇਰਾ ਸਵਾਲ ਹੈ ਮੈਂ ਉਸ ਵਿਚਾਰਧਾਰਾ ਦੀ ਹਮਾਇਤ ਨਹੀਂ ਕਰਦਾ ਤੇ ਮੇਰਾ ਉਸ ਨਾਲ ਦੂਰ-ਦੂਰ ਤੱਕ ਵੀ ਸਬੰਧ ਨਹੀਂ ਹੈ।’

‘ਸਲਵਾ ਜੁਡੁਮ ਬਾਰੇ ਫ਼ੈਸਲਾ ਮੇਰਾ ਨਹੀਂ ਸੁਪਰੀਮ ਕੋਰਟ ਦਾ’

ਸਲਵਾ ਜੁਡੁਮ ਦੇ ਫ਼ੈਸਲੇ ਨੂੰ ਲੈ ਕੇ ਅਮਿਤ ਸ਼ਾਹ ਵੱਲੋਂ ਉਨ੍ਹਾਂ ’ਤੇ ਕੀਤੇ ਹਮਲੇ ਬਾਰੇ ਰੈੱਡੀ ਨੇ ਕਿਹਾ, ‘ਮੈਂ ਭਾਰਤ ਦੇ ਮਾਣਯੋਗ ਗ੍ਰਹਿ ਮੰਤਰੀ ਨਾਲ ਸਿੱਧੇ ਤੌਰ ’ਤੇ ਇਸ ਮੁੱਦੇ ’ਤੇ ਉਲਝਣਾ ਨਹੀਂ ਚਾਹੁੰਦਾ। ਦੂਜੀ ਗੱਲ ਮੈਂ ਫ਼ੈਸਲਾ ਲਿਖਿਆ। ਇਹ ਫ਼ੈਸਲਾ ਮੇਰਾ ਨਹੀਂ ਸੀ। ਇਹ ਫ਼ੈਸਲਾ ਸੁਪਰੀਮ ਕੋਰਟ ਦਾ ਸੀ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਸ਼ਾਹ 40 ਸਫ਼ਿਆਂ ਦਾ ਫ਼ੈਸਲਾ ਪੜ੍ਹਨ। ਜੇ ਉਨ੍ਹਾਂ ਫ਼ੈਸਲਾ ਪੜ੍ਹਿਆ ਹੁੰਦਾ ਤਾਂ ਸ਼ਾਇਦ ਉਹ ਇਹ ਟਿੱਪਣੀ ਨਾ ਕਰਦੇ।

Advertisement