Constitution Day: ਆਰਐੱਸਐੱਸ ਦੀ ਭੂਮਿਕਾ ਨੂੰ ਹੁਲਾਰੇ ਨਾਲ ਸੰਵਿਧਾਨ ਨੂੰ ਕਮਜ਼ੋਰ ਕਰ ਰਹੇ ਨੇ ਮੋਦੀ ਤੇ ਸ਼ਾਹ
Constitution Day: ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਭੂਮਿਕਾ ਨੂੰ ਉਤਸ਼ਾਹਿਤ ਕਰਕੇ ਸੰਵਿਧਾਨ ਦੇ ਸਿਧਾਂਤਾਂ, ਪ੍ਰਬੰਧਾਂ ਅਤੇ ਪ੍ਰਕਿਰਿਆਵਾਂ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰ ਰਹੇ ਹਨ।
ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸੰਵਿਧਾਨ ’ਤੇ ਕਿਸੇ ਵੀ ਹਮਲੇ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਪਹਿਲੇ ਵਿਅਕਤੀ ਹੋਣਗੇ। ਸੰਵਿਧਾਨ ਦਿਵਸ ਮੌਕੇ ਰਾਹੁਲ ਗਾਂਧੀ ਨੇ 'ਐਕਸ' ’ਤੇ ਇਕ ਪੋਸਟ ਵਿਚ ਕਿਹਾ, ‘‘ਭਾਰਤ ਦਾ ਸੰਵਿਧਾਨ ਮਹਿਜ਼ ਇੱਕ ਕਿਤਾਬ ਨਹੀਂ ਹੈ, ਇਹ ਦੇਸ਼ ਦੇ ਹਰ ਨਾਗਰਿਕ ਨਾਲ ਕੀਤਾ ਗਿਆ ਇੱਕ ਪਵਿੱਤਰ ਵਾਅਦਾ ਹੈ। ਵਾਅਦਾ ਇਹ ਹੈ ਕਿ ਕੋਈ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ, ਕੋਈ ਕਿਸੇ ਵੀ ਖੇਤਰ ਦਾ ਹੋਵੇ, ਕੋਈ ਵੀ ਭਾਸ਼ਾ ਬੋਲਦਾ ਹੋਵੇ, ਭਾਵੇਂ ਗਰੀਬ ਹੋਵੇ ਜਾਂ ਅਮੀਰ, ਹਰ ਕਿਸੇ ਨੂੰ ਸਮਾਨਤਾ, ਸਤਿਕਾਰ ਅਤੇ ਨਿਆਂ ਮਿਲੇਗਾ।’’
ਉਨ੍ਹਾਂ ਕਿਹਾ ਕਿ ਸੰਵਿਧਾਨ ਗਰੀਬਾਂ ਅਤੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਦੀ ਸੁਰੱਖਿਆ ਢਾਲ, ਉਨ੍ਹਾਂ ਦੀ ਤਾਕਤ ਅਤੇ ਹਰ ਨਾਗਰਿਕ ਦੀ ਆਵਾਜ਼ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਜਿੰਨਾ ਚਿਰ ਸੰਵਿਧਾਨ ਸੁਰੱਖਿਅਤ ਹੈ, ਹਰ ਭਾਰਤੀ ਦੇ ਅਧਿਕਾਰ ਸੁਰੱਖਿਅਤ ਹਨ।
