ਸੰਵਿਧਾਨ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਸੋਚ ਅਪਣਾਉਣ ਲਈ ਮਾਰਗ ਦਰਸ਼ਕ ਦਸਤਾਵੇਜ਼: ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਸੰਵਿਧਾਨ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਸੋਚ ਅਪਣਾਉਣ ਲਈ ਮਾਰਗ ਦਰਸ਼ਕ ਦਸਤਾਵੇਜ਼ ਹੈ।
ਪੁਰਾਣੀ ਸੰਸਦ ਭਵਨ, ਜਿਸ ਨੂੰ ਹੁਣ ‘ਸੰਵਿਧਾਨ ਸਦਨ’ ਕਿਹਾ ਜਾਂਦਾ ਹੈ, ਦੇ ਕੇਂਦਰੀ ਹਾਲ ਵਿਖੇ ਸੰਵਿਧਾਨ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਦੁਨੀਆ ਲਈ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡੇ ਸੰਵਿਧਾਨ ਨਿਰਮਾਤਾ ਚਾਹੁੰਦੇ ਸਨ ਕਿ ਸਾਡੇ ਨਿੱਜੀ ਅਤੇ ਜਮਹੂਰੀ ਅਧਿਕਾਰਾਂ ਦੀ ਹਮੇਸ਼ਾ ਰਾਖੀ ਕੀਤੀ ਜਾਵੇ। ਸੰਵਿਧਾਨ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਸੋਚ ਅਪਣਾਉਣ ਲਈ ਮਾਰਗ ਦਰਸ਼ਕ ਦਸਤਾਵੇਜ਼ ਹੈ।’’
ਉਨ੍ਹਾਂ ਅੱਗੇ ਕਿਹਾ, "25 ਕਰੋੜ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣਾ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ। ਔਰਤਾਂ, ਨੌਜਵਾਨ, ਐੱਸ ਸੀ, ਐਸ ਟੀ, ਕਿਸਾਨ, ਮੱਧ ਵਰਗ, ਨਵਾਂ ਮੱਧ ਵਰਗ ਸਾਡੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਨ।"
ਰਾਸ਼ਟਰਪਤੀ ਨੇ ਸੰਵਿਧਾਨ ਦਾ ਡਿਜੀਟਲ ਸੰਸਕਰਣ ਨੌਂ ਭਾਸ਼ਾਵਾਂ—ਮਲਿਆਲਮ, ਮਰਾਠੀ, ਨੇਪਾਲੀ, ਪੰਜਾਬੀ, ਬੋਡੋ, ਕਸ਼ਮੀਰੀ, ਤੇਲਗੂ, ਉੜੀਆ ਅਤੇ ਅਸਾਮੀ—ਵਿੱਚ ਜਾਰੀ ਕੀਤਾ। ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦੀ ਅਗਵਾਈ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ (Preamble) ਦਾ ਪਾਠ ਵੀ ਸ਼ਾਮਲ ਸੀ।
