ਕਾਂਗਰਸ ਦੀ ਮੁੱਖ ਚਿੰਤਾ ਸੰਵਿਧਾਨ ਅਤੇ ਲੋਕਤੰਤਰ ਬਚਾਉਣਾ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਮੁੱਖ ਚਿੰਤਾ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿੱਚ ਬੈਠੇ ਲੋਕ ਇਨ੍ਹਾਂ ਸੰਸਥਾਵਾਂ ਦੀ ਰੱਖਿਆ ਲਈ ਕੰਮ ਨਹੀਂ ਕਰ ਰਹੇ ।
ਗੁਜਰਾਤ ਕਾਂਗਰਸ ਦੇ ਜ਼ਿਲ੍ਹਾ ਅਤੇ ਸ਼ਹਿਰੀ ਪ੍ਰਧਾਨਾਂ ਲਈ 10 ਦਿਨਾਂ ਸਿਖਲਾਈ ਕੈਂਪ ਦਾ ਉਦਘਾਟਨ ਦੌਰਾਨ ਉਨ੍ਹਾਂ ਕਿਹਾ, “ਲੋਕਤੰਤਰ ਵਿੱਚ ਚੋਣਾਂ ਲੜਨਾ ਆਮ ਗੱਲ ਹੈ। ਸਾਡਾ ਮੁੱਖ ਮੁੱਦਾ ਸੰਵਿਧਾਨ ਨੂੰ ਬਚਾਉਣਾ ਅਤੇ ਲੋਕਤੰਤਰ ਦੀ ਰੱਖਿਆ ਕਰਨਾ ਹੈ। ਗੁਜਰਾਤ ਉਹ ਧਰਤੀ ਹੈ ਜਿੱਥੇ ਮਹਾਤਮਾ ਗਾਂਧੀ ਅਤੇ ਵੱਲਭ ਭਾਈ ਪਟੇਲ ਵਰਗੇ ਲੋਕ ਪੈਦਾ ਹੋਏ ਅਤੇ ਉਨ੍ਹਾਂ ਨੇ ਸਾਡੇ ਮੁਲਕ ਨੂੰ ਆਜ਼ਾਦੀ ਦਿਵਾਉਣ ਲਈ ਕੰਮ ਕੀਤਾ। ਉਹ ਸਤਿਕਾਰਯੋਗ ਹਨ ਕਿਉਂਕਿ ਉਨ੍ਹਾਂ ਸਦਕਾ ਹੀ ਦੇਸ਼ ਆਜ਼ਾਦ ਅਤੇ ਇੱਕਜੁੱਟ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੋੜੀ ਦੇਸ਼ ਦੇ ਸੰਵਿਧਾਨ ਦੀ ਰੱਖਿਆ ਨਹੀਂ ਕਰਨਾ ਚਾਹੁੰਦੀ ਅਤੇ ਲੋਕਤੰਤਰ ਨੂੰ ਬਚਾਉਣਾ ਨਹੀਂ ਚਾਹੁੰਦੀ।
ਦੱਸ ਦਈਏ ਕਿ ਪਾਰਟੀ ਦੇ ‘ਸੰਗਠਨ ਸਰੁਜਨ ਅਭਿਆਨ’ (ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁਹਿੰਮ) ਤਹਿਤ 10 ਦਿਨਾਂ ਦਾ ਸਿਖਲਾਈ ਕੈਂਪ 10 ਤੋਂ 19 ਸਤੰਬਰ ਤੱਕ ਜੂਨਾਗੜ੍ਹ ਵਿੱਚ ਲਾਇਆ ਜਾ ਰਿਹਾ ਹੈ, ਜਿੱਥੇ ਪਾਰਟੀ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਇਸ ਸਾਲ ਗੁਜਰਾਤ ਵਿੱਚ ਇਹ ਦੂਜਾ ਅਜਿਹਾ ਸਿਖਲਾਈ ਕੈਂਪ ਹੈ।