ਕਾਂਗਰਸ ਦੀ ਹਾਰ ਦਾ ਕਾਰਨ ਇਸ ਦੀ ਲੀਡਰਸ਼ਿਪ: ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਇਸ ਲਈ ਫਿਕਰਮੰਦ ਹੈ ਕਿਉਂਕਿ ਹੁਣ ਉਹ ਭ੍ਰਿਸ਼ਟਾਚਾਰ ਦੇ ਜ਼ੋਰ ’ਤੇ ਚੋਣ ਨਹੀਂ ਜਿੱਤ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ’ਚ ਕਾਂਗਰਸ ਦੀ ਹਾਰ ਦਾ ਕਾਰਨ ਉਸ ਦੀ ਲੀਡਰਸ਼ਿਪ ਸੀ, ਨਾ ਕਿ ਈ ਵੀ ਐੱਮ ਜਾਂ ‘ਵੋਟ ਚੋਰੀ’। ਲੋਕ ਸਭਾ ’ਚ ਚੋਣ ਸੁਧਾਰਾਂ ’ਤੇ ਬਹਿਸ ਦੌਰਾਨ ਸ੍ਰੀ ਸ਼ਾਹ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਵੋਟਰ ਸੂਚੀ ’ਚ ‘ਗ਼ੈਰ-ਕਾਨੂੰਨੀ ਘੁਸਪੈਠੀਆਂ’ ਨੂੰ ਰੱਖਣ ਲਈ ਐੱਸ ਆਈ ਆਰ ਦਾ ਮੁੱਦਾ ਚੁੱਕ ਰਹੀ ਹੈ। ਬਾਅਦ ਵਿੱਚ ਜਦੋਂ ਵਿਰੋਧੀ ਧਿਰ ਦੇ ਮੈਂਬਰ ਸਦਨ ’ਚੋਂ ਬਾਹਰ ਚਲੇ ਗਏ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਭਾਵੇਂ ਕਿੰਨੀ ਵਾਰ ਬਾਈਕਾਟ ਕਰੇ, ਐੱਨ ਡੀ ਏ ‘ਘੁਸਪੈਠੀਆਂ’ ਦਾ ਪਤਾ ਲਾਉਣ, ਸੂਚੀ ’ਚੋਂ ਨਾਂ ਹਟਾਉਣ ਅਤੇ ਉਨ੍ਹਾਂ ਨੂੰ ਕੱਢਣ ਦੀ ਨੀਤੀ ’ਤੇ ਕਾਇਮ ਰਹੇਗਾ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਕਥਿਤ ‘ਵੋਟ ਚੋਰੀ’ ਜਵਾਹਰ ਲਾਲ ਨਹਿਰੂ ਨੇ ਕੀਤੀ ਜਦੋਂ ਸਰਦਾਰ ਵੱਲਭ ਭਾਈ ਪਟੇਲ ਨੂੰ 28 ਲੋਕਾਂ ਦੀ ਹਮਾਇਤ ਪ੍ਰਾਪਤ ਸੀ ਪਰ ਸ੍ਰੀ ਨਹਿਰੂ ਦੋ ਲੋਕਾਂ ਦੀ ਹਮਾਇਤ ਦੇ ਬਾਵਜੂਦ ਪ੍ਰਧਾਨ ਮੰਤਰੀ ਬਣ ਗਏ। ਦੂਜੀ ‘ਵੋਟ ਚੋਰੀ’ ਇੰਦਰਾ ਗਾਂਧੀ ਨੇ ਕੀਤੀ ਜਦੋਂ ਅਦਾਲਤ ਵੱਲੋਂ ਉਨ੍ਹਾਂ ਦੀ ਚੋਣ ਰੱਦ ਕੀਤੇ ਜਾਣ ਮਗਰੋਂ ਉਨ੍ਹਾਂ ਖੁਦ ਨੂੰ ਕਾਨੂੰਨੀ ਛੋਟ ਦੇ ਦਿੱਤੀ। ਤੀਜੀ ‘ਵੋਟ ਚੋਰੀ’ ਦਾ ਵਿਵਾਦ ਹੁਣੇ ਅਦਾਲਤ ਪੁੱਜਾ ਹੈ ਕਿ ਸੋਨੀਆ ਗਾਂਧੀ ਭਾਰਤ ਦੀ ਨਾਗਰਿਕ ਬਣਨ ਤੋਂ ਪਹਿਲਾਂ ਵੋਟਰ ਕਿਸ ਤਰ੍ਹਾਂ ਬਣ ਗਈ। .
ਰਾਹੁਲ ਤੇ ਸ਼ਾਹ ਵਿਚਾਲੇ ਤਿੱਖੀ ਬਹਿਸ
ਲੋਕ ਸਭਾ ’ਚ ਮਾਹੌਲ ਉਸ ਸਮੇਂ ਭਖ਼ ਗਿਆ ਜਦੋਂ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਕਿ ਉਹ ਵੋਟ ਚੋਰੀ ਨਾਲ ਸਬੰਧਤ ਉਨ੍ਹਾਂ ਦੀਆਂ ਤਿੰਨ ਪ੍ਰੈੱਸ ਕਾਨਫਰੰਸਾਂ ’ਤੇ ਬਹਿਸ ਕਰਨ। ਅਸਲ ਵਿੱਚ ਚੋਣ ਸੁਧਾਰਾਂ ਬਾਰੇ ਚਰਚਾ ’ਚ ਹਿੱਸਾ ਲੈਂਦਿਆਂ ਸ੍ਰੀ ਸ਼ਾਹ ਨੇ ਰਾਹੁਲ ਗਾਂਧੀ ਦੇ ਹਾਲੀਆ ਤਿੰਨ ਪੱਤਰਕਾਰ ਸੰਮੇਲਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਤੱਥਾਂ ਨੂੰ ਗਲਤ ਕਰਾਰ ਦਿੱਤਾ ਸੀ।
ਰਾਹੁਲ ਗਾਂਧੀ ਵੱਲੋਂ ਬਹਿਸ ਲਈ ਚੁਣੌਤੀ ਦਿੱਤੇ ਜਾਣ ’ਤੇ ਸ੍ਰੀ ਸ਼ਾਹ ਨੇ ਕਿਹਾ ਕਿ ਆਪਣੇ ਭਾਸ਼ਣ ਦਾ ਕ੍ਰਮ ਉਹ ਖੁਦ ਤੈਅ ਕਰਨਗੇ। ਸ੍ਰੀ ਗਾਂਧੀ ਨੇ ਕਿਹਾ, ‘‘ਅਮਿਤ ਸ਼ਾਹ ਦਾ ਜਵਾਬ ਪੂਰੀ ਤਰ੍ਹਾਂ ਘਬਰਾਹਟ ਭਰਿਆ ਤੇ ਬਚਾਅ ਵਾਲਾ ਹੈ।’’ ਇਸੇ ਦੌਰਾਨ ਬਹਿਸ ’ਚ ਹਿੱਸਾ ਲੈਂਦਿਆਂ ਕਾਂਗਰਸ ਆਗੂ ਕੇ ਸੀ ਵੇਣੂਗੋਪਾਲ, ਟੀ ਐੱਮ ਸੀ ਆਗੂ ਸ਼ਤਾਬਦੀ ਰੌਇ, ਏ ਆਈ ਐੱਮ ਆਈ ਐੱਮ ਦੇ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਨੇ ਵੀ ਐੱਸ ਆਈ ਆਰ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਸਰਕਾਰ ਨੂੰ ਘੇਰਿਆ।
