ਤੇਜਸਵੀ ਦੇ ਪੱਖ ’ਚ ਨਹੀਂ ਸੀ ਕਾਂਗਰਸ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੇਜਸਵੀ ਯਾਦਵ ਨੂੰ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਸਵੀਕਾਰ ਕਰਨ ਦੀ ਇੱਛੁਕ ਨਹੀਂ ਸੀ ਪਰ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਵੱਲੋਂ ‘ਕੱਟਾ’ ਦਿਖਾਉਣ ਮਗਰੋਂ ਉਹ ਇਸ ਲਈ ਰਾਜ਼ੀ ਹੋਈ। ਭੋਜਪੁਰ ਅਤੇ ਨਵਾਦਾ ਜ਼ਿਲ੍ਹਿਆਂ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਰ ਜੇ ਡੀ ਦੇ ਦਾਬੇ ਦਾ ਜ਼ਿਕਰ ਕਰਦਿਆਂ ਮਹਾਗੱਠਜੋੜ ’ਚ ਕਲੇਸ਼ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੂੰ ‘ਜੰਗਲ ਰਾਜ’ ਦੇ ਸਕੂਲ ’ਚ ਸਬਕ ਮਿਲ ਗਿਆ ਹੈ ਅਤੇ ਅਜਿਹੇ ਅਨਸਰ ਬਿਹਾਰ ਲਈ ਕਦੇ ਵੀ ਕੁਝ ਵਧੀਆ ਨਹੀਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਬਿਹਾਰ ਚੋਣਾਂ ’ਚ ਆਰ ਜੇ ਡੀ ਨੂੰ ਹਰਾਉਣਾ ਚਾਹੁੰਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਾਈ ਦੇਖਣ ਲਈ 11 ਨਵੰਬਰ ਨੂੰ ਚੋਣਾਂ ਦਾ ਦੂਜਾ ਗੇੜ ਮੁਕੰਮਲ ਹੋਣ ਦੀ ਉਡੀਕ ਕਰਨ। ਕਾਂਗਰਸ ਆਗੂ ਰਾਹੁਲ ਗਾਂਧੀ ਜਾਂ ਤੇਜਸਵੀ ਯਾਦਵ ਦਾ ਨਾਮ ਲਏ ਬਿਨਾਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਜੰਗਲ ਰਾਜ ਦਾ ਯੁਵਰਾਜ ਦੂਜੇ ਯੁਵਰਾਜ ਦੀ ਵੋਟਰ ਅਧਿਕਾਰ ਯਾਤਰਾ ਤੋਂ ਚੌਕਸ ਸੀ ਕਿਉਂਕਿ ਉਸ ਨੂੰ ਆਪਣੇ ਭਵਿੱਖ ਨੂੰ ਢਾਹ ਲੱਗਣ ਦਾ ਡਰ ਸੀ। ਇਸ ਕਰਕੇ ਆਰ ਜੇ ਡੀ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਖ਼ਿਲਾਫ਼ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ। ਚੋਣਾਂ ਖ਼ਤਮ ਹੋਣ ਦਿਓ, ਦੋਵੇਂ ਭਾਈਵਾਲ ਇਕ-ਦੂਜੇ ਦਾ ਸਿਰ ਪਾੜਨਗੇ।’’ ਰੈਲੀਆਂ ’ਚ ਭੀੜ ਤੋਂ ਖੁਸ਼ ਨਜ਼ਰ ਆਏ ਸ੍ਰੀ ਮੋਦੀ ਨੇ ਕਿਹਾ, ‘‘ਦਿੱਲੀ ’ਚ ਬੈਠੇ ਮਾਹਿਰਾਂ ਨੂੰ ਇਥੇ ਆ ਕੇ ਦੇਖਣਾ ਚਾਹੀਦਾ ਹੈ ਕਿ ਹਵਾ ਕਿਹੜੇ ਪਾਸੇ ਵਗ ਰਹੀ ਹੈ।’’ ਉਨ੍ਹਾਂ ਕਿਹਾ ਕਿ ਆਰ ਜੇ ਡੀ ਅਤੇ ਕਾਂਗਰਸ ਨੂੰ ਸਿਰਫ਼ ਦੋ ਪਰਿਵਾਰਾਂ ਦੀ ਫਿਕਰ ਹੈ ਜਿਸ ’ਚੋਂ ਇਕ ਬਿਹਾਰ ਅਤੇ ਦੂਜਾ ਮੁਲਕ ਦਾ ਸਭ ਤੋਂ ਵੱਧ ਭ੍ਰਿਸ਼ਟ ਪਰਿਵਾਰ ਹੈ।
ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ’ਚ ਅੱਜ ਸ਼ਾਮ ਵੱਡਾ ਰੋਡ ਸ਼ੋਅ ਕੀਤਾ। ਉਨ੍ਹਾਂ ਨਾਲ ਜਨਤਾ ਦਲ (ਯੂ) ਆਗੂ ਅਤੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ‘ਲੱਲਣ’, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਜੈਸਵਾਲ ਅਤੇ ਪਟਨਾ ਸਾਹਿਬ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਵੀ ਹਾਜ਼ਰ ਸਨ। ਦਿਨਕਰ ਗੋਲਮਬਾਰ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਗਾਂਧੀ ਮੈਦਾਨ ਨੇੜੇ ਉਦਯੋਗ ਭਵਨ ’ਤੇ ਜਾ ਕੇ ਸਮਾਪਤ ਹੋਇਆ। -ਪੀਟੀਆਈ
]
‘ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਂਗਰਸ ਦੇ ਰਹੀ ਤਰੱਕੀਆਂ’
ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1984 ’ਚ 1-2 ਨਵੰਬਰ ਨੂੰ ਹੀ ਦਿੱਲੀ ’ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਕਾਂਗਰਸ ਵੱਲੋਂ ਅਜਿਹੇ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਤਲੇਆਮ ਦੇ ਦੋਸ਼ੀ ਸਨ। ਕਾਂਗਰਸ ਨੇ ਕਤਲੇਆਮ ਦੀ ਕਦੇ ਵੀ ਮੁਆਫ਼ੀ ਨਹੀਂ ਮੰਗੀ ਹੈ। ਵੋਟਰ ਅਧਿਕਾਰ ਯਾਤਰਾ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਇਹ ਘੁਸਪੈਠੀਆਂ ਨੂੰ ਬਚਾਉਣ ਲਈ ਕੱਢੀ ਗਈ ਸੀ। ਉਨ੍ਹਾਂ ਕਿਹਾ ਕਿ ਜੰਗਲ ਰਾਜ ਵਾਲਿਆਂ ਦੇ ਖ਼ਤਰਨਾਕ ਇਰਾਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। -ਪੀਟੀਆਈ
