ਕਾਂਗਰਸ ਭਲਕ ਤੋਂ ਸ਼ੁਰੂ ਕਰੇਗੀ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ
ਨਵੀਂ ਦਿੱਲੀ, 1 ਜਨਵਰੀ
ਕਾਂਗਰਸ ਤਿੰਨ ਜਨਵਰੀ ਨੂੰ ਸਾਰੇ ਬਲਾਕਾਂ, ਜ਼ਿਲ੍ਹਿਆਂ ਤੇ ਸੂਬਿਆਂ ਦੇ ਪੱਧਰ ’ਤੇ ਆਪਣੀ ਪਹਿਲਾਂ ਤੋਂ ਤੈਅ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਦੀ ਸਮਾਪਤੀ 26 ਜਨਵਰੀ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਜਨਮ ਭੂਮੀ ਮਹੂ (ਮੱਧ ਪ੍ਰਦੇਸ਼) ’ਚ ਜਨਤਕ ਰੈਲੀ ਨਾਲ ਹੋਵੇਗੀ। ਇਸ ਤੋਂ ਪਹਿਲਾਂ ਇਹ ਮੁਹਿੰਮ 27 ਦਸੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੇ ਉਨ੍ਹਾਂ ਦੇ ਸਨਮਾਨ ’ਚ ਸੱਤ ਰੋਜ਼ਾ ਕੌਮੀ ਸੋਗ ਐਲਾਨੇ ਜਾਣ ਕਾਰਨ ਇਹ ਮੁਹਿੰਮ ਮੁਲਤਵੀ ਕਰ ਦਿੱਤੀ ਗਈ ਸੀ। ਮੁਹਿੰਮ ਬਾਰੇ ਫ਼ੈਸਲਾ 26 ਦਸੰਬਰ ਨੂੰ ਕਰਨਾਟਕ ਦੇ ਬੇਲਗਾਵੀ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮਨਮੋਹਨ ਸਿੰਘ ਪ੍ਰਤੀ ਸਨਮਾਨ ’ਚ ਪਾਰਟੀ ਦੇ ਸਾਰੇ ਪ੍ਰੋਗਰਾਮ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ, ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਮੁਹਿੰਮ 3 ਜਨਵਰੀ ਨੂੰ ਬਲਾਕਾਂ, ਜ਼ਿਲ੍ਹਿਆਂ ਤੇ ਸੂੁਬਿਆਂ ਤੋਂ ਮੁੜ ਸ਼ੁਰੂ ਹੋਵੇਗੀ ਜਿਸ ਮਗਰੋਂ 26 ਜਨਵਰੀ 2025 ਨੂੰ ਡਾ. ਅੰਬੇਡਕਰ ਦੀ ਜਨਮ ਭੂਮੀ ਮਹੂ ’ਚ ਰੈਲੀ ਹੋਵੇਗੀ। ਇਸ ਮੌਕੇ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੀ 75ਵੀਂ ਵਰ੍ਹੇਗੰਢ ਵੀ ਹੈ।’ ਇਸ ਮੁਹਿੰਮ ਤਹਿਤ ਬਲਾਲ ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਰੈਲੀਆਂ ਤੇ ਮਾਰਚ ਕੀਤੇ ਜਾਣਗੇ। -ਪੀਟੀਆਈ