ਕਾਂਗਰਸ-ਆਰ ਜੇ ਡੀ ਨੇ ਛਠੀ ਮਾਤਾ ਦਾ ਅਪਮਾਨ ਕੀਤਾ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ’ਚ ਵਿਰੋਧੀ ਕਾਂਗਰਸ-ਆਰ ਜੇ ਡੀ ਗੱਠਜੋੜ ’ਤੇ ਛਠੀ ਮਾਤਾ ਦਾ ਅਪਮਾਨ ਕਰਨ, ਅਯੁੱਧਿਆ ਦੇ ਰਾਮ ਮੰਦਰ ਤੋਂ ਸਮੱਸਿਆਵਾਂ ਹੋਣ ਅਤੇ ਵੋਟ ਬੈਂਕ ਖਾਤਰ ਘੁਸਪੈਠੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਮੁਜ਼ੱਫਰਪੁਰ ਤੇ ਛਪਰਾ ’ਚ ਰੈਲੀਆਂ ਕਰ ਰਹੇ ਸਨ। ਉਨ੍ਹਾਂ ਇਹ ਬਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਦੀਆਂ ਉਨ੍ਹਾਂ ਟਿੱਪਣੀਆਂ ਮਗਰੋਂ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਛੱਠ ਪੂਜਾ ਮੌਕੇ ਦਿੱਲੀ ’ਚ ਯਮੁਨਾ ਵਿੱਚ ਡੁਬਕੀ ਲਾਉਣ ਦੀ ਯੋਜਨਾ ਬਣਾ ਕੇ ‘ਨਾਟਕ’ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਸਾਹਮਣੇ ਮਗਰੋਂ ਇਸ ਨੂੰ ਮੁਲਤਵੀ ਕਰ ਦਿੱਤਾ ਕਿ ਨਦੀ ਸਵੱਛ ਨਾ ਹੋਣ ਕਾਰਨ ਟੋਆ ਬਣਾ ਕੇ ਉਸ ’ਚ ਸਾਫ ਪਾਣੀ ਭਰਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ‘ਨਰਿੰਦਰ-ਨਿਤੀਸ਼’ ਗੱਠਜੋੜ ’ਚ ਭਰੋਸਾ ਰੱਖਣ ਦੀ ਅਪੀਲ ਕੀਤੀ। ਮੁਜ਼ੱਫਰਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਛੱਠ ਪੂਜਾ ਹੁਣ ਦੁਨੀਆ ਭਰ ’ਚ ਮਸ਼ਹੂਰ ਹੈ ਅਤੇ ਛੱਠ ਮਗਰੋਂ ਇਹ ਬਿਹਾਰ ਦਾ ਮੇਰਾ ਪਹਿਲਾ ਦੌਰਾ ਹੈ। ਇਹ ਤਿਉਹਾਰ ਨਾ ਸਿਰਫ਼ ਭਗਤੀ ਸਗੋਂ ਬਰਾਬਰੀ ਦਾ ਵੀ ਪ੍ਰਤੀਕ ਹੈ। ਇਸੇ ਕਾਰਨ ਮੇਰੀ ਸਰਕਾਰ ਇਸ ਨੂੰ ਯੂਨੈਸਕੋ ਵਿਰਾਸਤ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਤੇ ਆਰ ਜੇ ਡੀ ਇਸ ਤਿਉਹਾਰ ਦਾ ਮਜ਼ਾਕ ਉਡਾ ਰਹੀਆਂ ਹਨ ਅਤੇ ਇਸ ਨੂੰ ਨਾਟਕ ਤੇ ਨੌਟੰਕੀ ਆਖ ਰਹੀਆਂ ਹਨ।’’ ਸ੍ਰੀ ਮੋਦੀ ਨੇ ਰਾਹੁਲ ਗਾਂਧੀ ’ਤੇ ਦੋਸ਼ ਲਾਇਆ ਕਿ ਇਹ ਲੋਕ ਵੋਟ ਮੰਗਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਇਹ ਛੱਠ ਤਿਉਹਾਰ ਦਾ ਅਪਮਾਨ ਹੈ ਜਿਸ ਨੂੰ ਬਿਹਾਰ ਸਦੀਆਂ ਤੱਕ ਨਹੀਂ ਭੁੱਲੇਗਾ। ਵਿਰੋਧੀ ਗੱਠਜੋੜ ਇੰਡੀਆ, ਆਰ ਜੇ ਡੀ-ਕਾਂਗਰਸ ਗੱਠਜੋੜ ਤੁਸ਼ਟੀਕਰਨ ਤੇ ਵੋਟ ਬੈਂਕ ਦੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਅਤੇ ਇਸ ਲਈ ਘੁਸਪੈਠੀਆਂ ਨੂੰ ਪਨਾਹ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਆਰ ਜੇ ਡੀ ’ਤੇ ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਬਿਹਾਰ ਚੋਣਾਂ ’ਚ ਆਰ ਜੇ ਡੀ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਆਰ ਜੇ ਡੀ ਦੇ ਕਾਰਜਕਾਲ ਦੌਰਾਨ ‘ਬਦਮਾਸ਼ ਵਾਹਨ ਸ਼ੋਅਰੂਮ ਲੁੱਟਦੇ ਸਨ’। ਉਨ੍ਹਾਂ ਦਾ ਇਸ਼ਾਰਾ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਸਭ ਤੋਂ ਛੋਟੀ ਧੀ ਮੀਸਾ ਭਾਰਤੀ ਦੇ ਵਿਆਹ ਵੱਲ ਸੀ।
ਟਰੰਪ ਦੇ ਸਾਹਮਣੇ ਨਹੀਂ ਆ ਸਕਦੇ ਮੋਦੀ: ਰਾਹੁਲ
ਨਾਲੰਦਾ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਚ ਅਮਰੀਕਾ ਦੇ ਇਸ ਦਾਅਵੇ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਭਿੜਨ ਦਾ ਜੇਰਾ ਨਹੀਂ ਹੈ ਕਿ ਉਨ੍ਹਾਂ ਭਾਰਤ-ਪਾਕਿਸਤਾਨ ਸੰਘਰਸ਼ ਰੋਕ ਦਿੱਤਾ ਸੀ। ਨਾਲੰਦਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਬਿਹਾਰ ਹੁਣ ਪੇਪਰ ਲੀਕ ਤੇ ਖਰਾਬ ਸਿਹਤ ਢਾਂਚੇ ਦਾ ਸਮ-ਅਰਥੀ ਬਣ ਗਿਆ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਕਾਰਨ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਰੁਕਿਆ... ਪਰ ਸਾਡੇ ਪ੍ਰਧਾਨ ਮੰਤਰੀ ’ਚ ਉਨ੍ਹਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਹੈ।’’ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟਿੱਪਣੀ ਕਿ ‘ਬਿਹਾਰ ’ਚ ਕੋਈ ਜ਼ਮੀਨ ਮੁਹੱਈਆ ਨਹੀਂ’, ਦੀ ਆਲੋਚਨਾ ਕਰਦਿਆਂ ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ‘ਇਕ ਸਨਅਤੀ ਘਰਾਣੇ ਨੂੰ ਕੌਡੀਆਂ ਦੇ ਭਾਅ ਪਲਾਟ ਦਿੱਤੇ ਹਨ।’ ਉਨ੍ਹਾਂ ਦਾਅਵਾ ਕੀਤਾ ਕਿ ਐੱਨ ਡੀ ਏ ਨੇ ਪਿਛਲੀਆਂ ਲੋਕ ਸਭਾ ਚੋਣਾਂ ’ਚ ‘ਵੋਟ ਚੋਰੀ’ ਰਾਹੀਂ ਸਰਕਾਰ ਬਣਾਈ ਸੀ। ਐੱਨ ਡੀ ਏ ਤੇ ਪ੍ਰਧਾਨ ਮੰਤਰੀ, ਭੀਮਰਾਓ ਅੰਬੇਡਕਰ ਦਾ ਬਣਾਇਆ ਸੰਵਿਧਾਨ ਖਤਮ ਕਰਨ ’ਤੇ ਤੁਲੇ ਹੋਏ ਹਨ। ਜੇ ਬਿਹਾਰ ’ਚ ‘ਇੰਡੀਆ’ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਇਹ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਤੇ ਕਮਜ਼ੋਰ ਵਰਗਾਂ ਦੀ ਸਰਕਾਰ ਹੋਵੇਗੀ ਜਿਸ ’ਚ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਹੋਵੇਗੀ ਅਤੇ ਨਾਲੰਦਾ ’ਚ ਦੁਨੀਆ ਦੀ ਸਭ ਤੋਂ ਚੰਗੀ ਯੂਨੀਵਰਸਿਟੀ ਵੀ ਬਣੇਗੀ। ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਬਿਹਾਰ ’ਚ ਐੱਸ ਆਈ ਆਰ ਦੌਰਾਨ ਕਿੰਨੇ ਘੁਸਪੈਠੀਆਂ ਦਾ ਪਤਾ ਲੱਗਾ ਹੈ। -ਪੀਟੀਆਈ
‘ਇੰਡੀਆ’ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰੇਗਾ: ਸੁੱਖੂ
ਪਟਨਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਬਿਹਾਰ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੀ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਯੋਜਨਾ ਮੁੜ ਲਾਗੂ ਕੀਤੀ ਜਾਵੇਗੀ। ਬਿਹਾਰ ’ਚ ਐੱਨ ਡੀ ਏ ਦੇ 20 ਸਾਲ ਦੇ ਕਾਰਜਕਾਲ ’ਚ ਵਿਕਾਸ ਦਾ ਕੋਈ ਸੰਕੇਤ ਨਹੀਂ ਹੈ। ਤੱਥਾਂ ਤੋਂ ਸਪੱਸ਼ਟ ਹੈ ਕਿ ਬਿਹਾਰ ’ਚ 64 ਫੀਸਦ ਲੋਕ 66 ਰੁਪਏ ਰੋਜ਼ਾਨਾ ’ਤੇ ਗੁਜ਼ਾਰਾ ਕਰਦੇ ਹਨ। ਸੂਬੇ ’ਚ ਤਬਦੀਲੀ ਦੀ ਲੋੜ ਹੈ। -ਪੀਟੀਆਈ
 
 
             
            