ਕਾਂਗਰਸ ਨੇ ਰਾਧਾਕ੍ਰਿਸ਼ਨਨ ਦੀ ਚੋਣ ਮੌਕੇ ਪਹਿਲੇ ਉਪ ਰਾਸ਼ਟਰਪਤੀ ਨੂੰ ਕੀਤਾ ਯਾਦ
ਕਾਂਗਰਸ ਨੇ ਸੀਪੀ ਰਾਧਾਕ੍ਰਿਸ਼ਨਨ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅੱਜ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਉਹ ਭਾਸ਼ਣ ਯਾਦ ਕੀਤਾ ਜਿਸ ’ਚ ਉਨ੍ਹਾਂ ਰਾਜ ਸਭਾ ਦੇ ਚੇਅਰਮੈਨ ਵਜੋਂ ਕਿਹਾ ਸੀ ਕਿ ਉਹ ਸਦਨ ’ਚ ਹਰ ਪਾਰਟੀ ਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਸੰਸਦੀ ਲੋਕਤੰਤਰ ਦੀਆਂ ਸਰਵਉੱਚ ਰਵਾਇਤਾਂ ਨੂੰ ਬਣਾਏ ਰੱਖਣ ਤੇ ਹਰ ਪਾਰਟੀ ਪ੍ਰਤੀ ਪੂਰੀ ਨਿਰਪੱਖਤਾ ਨਾਲ ਕੰਮ ਕਰਨ ਦੀ ਹੋਵੇਗੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘ਨਵੇਂ ਚੁਣੇ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਜੋ ਰਾਜ ਸਭਾ ਦੇ ਚੇਅਰਮੈਨ ਵੀ ਹੋਣਗੇ, ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਜਦੇ ਹੋਏ ਕਾਂਗਰਸ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਪਹਿਲੇ ਚੇਅਰਮੈਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਪ੍ਰੇਰਕ ਸ਼ਬਦਾਂ ਨੂੰ ਯਾਦ ਕਰਦੀ ਹੈ।’ ਉਨ੍ਹਾਂ ਅਨੁਸਾਰ, 16 ਮਈ 1952 ਨੂੰ ਰਾਜ ਸਭਾ ਦੇ ਉਦਘਾਟਨ ਮੌਕੇ ਡਾ. ਰਾਧਾਕ੍ਰਿਸ਼ਨਨ ਨੇ ਕਿਹਾ ਸੀ, ‘ਮੈਂ ਕਿਸੇ ਇੱਕ ਪਾਰਟੀ ਦਾ ਨਹੀਂ ਹਾਂ ਅਤੇ ਇਸ ਦਾ ਮਤਲਬ ਹੈ ਕਿ ਮੈਂ ਇਸ ਸਦਨ ਦੀ ਹਰ ਪਾਰਟੀ ਦਾ ਹਾਂ। ਮੇਰੀ ਕੋਸ਼ਿਸ਼ ਸੰਸਦੀ ਲੋਕਤੰਤਰ ਦੀ ਸਰਵਉੱਚ ਰਵਾਇਤਾਂ ਨੂੰ ਬਣਾਏ ਰੱਖਣਾ ਹੋਵੇਗੀ ਅਤੇ ਹਰ ਪਾਰਟੀ ਪ੍ਰਤੀ ਪੂਰੀ ਨਿਰਪੱਖਤਾ ਤੇ ਬਰਾਬਰੀ ਨਾਲ ਕੰਮ ਕਰਨਾ ਹੋਵੇਗੀ। ਕਿਸੇ ਨਾਲ ਦੁਸ਼ਮਣੀ ਨਹੀਂ ਅਤੇ ਸਾਰਿਆਂ ਪ੍ਰਤੀ ਸਦਭਾਵਨਾ ਰਖਦੇ ਹੋਏ।’ ਕਾਂਗਰਸ ਆਗੂ ਨੇ ਕਿਹਾ, ‘ਜੇ ਕੋਈ ਲੋਕਤੰਤਰ ਵਿਰੋਧੀ ਸਮੂਹਾਂ ਨੂੰ ਸਰਕਾਰ ਦੀਆਂ ਨੀਤੀਆਂ ਦੀ ਨਿਰਪੱਖ, ਆਜ਼ਾਦ ਤੇ ਸਪੱਸ਼ਟ ਆਲੋਚਨਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਉਹ ਤਾਨਾਸ਼ਾਹੀ ’ਚ ਬਦਲ ਸਕਦਾ ਹੈ।’