ਕਾਂਗਰਸ ਨੇ ‘ਵੋਟ ਚੋਰੀ’ ਬਾਰੇ ਵੀਡੀਓ ਜਾਰੀ ਕੀਤਾ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕਿਹਾ, ‘‘ਤੁਹਾਡੀ ਵੋਟ ਦੀ ਚੋਰੀ, ਤੁਹਾਡੇ ਅਧਿਕਾਰ ਦੀ ਚੋਰੀ, ਤੁਹਾਡੀ ਪਛਾਣ ਦੀ ਚੋਰੀ ਹੈ।’’ ‘ਬੂਥ ਪਰ ਵੋਟ ਚੋਰੀ’ ਇਸ਼ਤਿਹਾਰ ਨੂੰ ਟੈਗ ਕਰਦਿਆਂ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ, ‘‘ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹੇ ਨਾ ਜਾਣ ਦਿਓ। ਸਵਾਲ ਪੁੱਛੋ, ਇਸ ਵਾਰ ਜਵਾਬ ਮੰਗੋ। ਵੋਟ ਚੋਰੀ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ।’’ ਇਸੇ ਤਰ੍ਹਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ‘ਐਕਸ’ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਤੁਹਾਡੀ ਵੋਟ ਦੀ ਚੋਰੀ ਕਰਨ ਵਾਲੇ, ਤੁਹਾਡੇ ਅਧਿਕਾਰਾਂ ਅਤੇ ਤੁਹਾਡੀ ਪਛਾਣ ਦੇ ਚੋਰ ਹਨ। ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਰੱਖਿਆ ਕਰੋ, ਵੋਟ ਚੋਰੀ ਖ਼ਿਲਾਫ਼ ਆਵਾਜ਼ ਬੁਲੰਦ ਕਰੋ।’’
ਮੁੱਖ ਵਿਰੋਧੀ ਪਾਰਟੀ ਨੇ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਜੋ ਇਕ ਮਿੰਟ ਦਾ ਵੀਡੀਓ ਜਾਰੀ ਕੀਤਾ ਹੈ ਉਸ ਵਿੱਚ ਦਿਖਾਇਆ ਗਿਆ ਹੈ ਕਿ ਦੋ ਵਿਅਕਤੀ ਇਕ ਪੋਲਿੰਗ ਸਟੇਸ਼ਨ ਤੋਂ ਬਾਹਰ ਨਿਕਲਦੇ ਹਨ ਅਤੇ ਉੱਥੇ ਪਹੁੰਚੇ ਇਕ ਬਜ਼ੁਰਗ ਵਿਅਕਤੀ ਤੇ ਇਕ ਮਹਿਲਾ ਨੂੰ ਕਹਿੰਦੇ ਹਨ ਉਹ ਵਾਪਸ ਚਲੇ ਜਾਣ ਕਿਉਂਕਿ ਉਨ੍ਹਾਂ ਦੀਆਂ ਵੋਟਾਂ ਪਹਿਲਾਂ ਹੀ ਪੈ ਚੁੱਕੀਆਂ ਹਨ।