ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਨੇ ਮੋਦੀ-ਸ਼ੀ ਮੁਲਾਕਾਤ 'ਤੇ ਸਵਾਲ ਉਠਾਏ, ਚੀਨੀ ਹਮਲੇ 'ਤੇ ਚੁੱਪੀ ਦਾ ਹਵਾਲਾ ਦਿੱਤਾ

ਕੀ ‘New Normal’ ਨੂੰ ਚੀਨ ਦੇ ਹਮਲਾਵਰ ਰੁਖ਼ ਤੇ ਸਾਡੀ ਸਰਕਾਰ ਦੀ ਬੁਜ਼ਦਿਲੀ ਨਾਲ ਪਰਿਭਾਸ਼ਤ ਕੀਤਾ ਜਾਣਾ ਚਾਹੀਦੈ: ਕਾਂਗਰਸ
Advertisement

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਐਤਵਾਰ ਨੂੰ ਬੈਠਕ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਕੀ ‘New Normal’ (ਨਵੇਂ ਆਮ ਹਾਲਾਤ) ਨੂੰ ਚੀਨ ਦੇ ਹਮਲਾਵਰ ਰੁਖ਼ ਤੇ ‘ਸਰਕਾਰ ਦੀ ਬੁਜ਼ਦਿਲੀ’ ਨਾਲ ਪਰਿਭਾਸ਼ਤ ਕੀਤਾ ਜਾਣਾ ਚਾਹੀਦਾ ਹੈ।

Advertisement

ਕਾਂਗਰਸ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਚੀਨ ਨਾਲ ਸੁਲ੍ਹਾ ’ਤੇ ਜ਼ੋਰ ਦੇਣਾ ਅਸਲ ਵਿਚ ਉਸ ਦੇ ਖੇਤਰੀ ਹਮਲਾਵਰ ਰੁਖ਼ ਨੂੰ ਵੈਧ ਠਹਿਰਾ ਰਿਹਾ ਹੈ। ਮੋਦੀ ਨੇ ਤਿਆਨਜਿਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਬੈਠਕ ਵਿਚ ਕਿਹਾ ਕਿ ਭਾਰਤ ਆਪਸੀ ਵਿਸ਼ਵਾਸ, ਸਤਿਕਾਰ ਤੇ ਸੰਵੇਦਨਸ਼ੀਲਤਾ ਦੇ ਅਧਾਰ ’ਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੈ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਅੱਜ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਗੱਲਬਾਤ ਦੀ ਸਮੀਖਿਆ ਹੇਠ ਲਿਖੇ ਸੰਦਰਭਾਂ ਵਿਚ ਕੀਤੀ ਜਾਣੀ ਚਾਹੀਦੀ ਹੈ। ਜੂਨ 2020 ਵਿਚ ਗਲਵਾਨ ਘਾਟੀ ਵਿੱਚ ਚੀਨੀ ਹਮਲੇ ਕਾਰਨ ਸਾਡੇ 20 ਬਹਾਦਰ ਫੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਦੇ ਬਾਵਜੂਦ, 19 ਜੂਨ 2020 ਨੂੰ, ਪ੍ਰਧਾਨ ਮੰਤਰੀ ਮੋਦੀ ਨੇ ਕਥਿਤ ਬੁਜ਼ਦਿਲੀ ਨਾਲ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਫੌਜ ਮੁਖੀ ਨੇ ਲੱਦਾਖ ਵਿੱਚ ਚੀਨ ਨਾਲ ਲੱਗਦੀ ਸਰਹੱਦ ’ਤੇ ਪਹਿਲਾਂ ਵਾਲੀ ਸਥਿਤੀ ਪੂਰੀ ਤਰ੍ਹਾਂ ਬਹਾਲ ਕਰਨ ਦੀ ਮੰਗ ਕੀਤੀ ਸੀ।

ਰਮੇਸ਼ ਨੇ ਕਿਹਾ, ‘‘ਪਰ ਇਸ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਦੇ ਬਾਵਜੂਦ, ਮੋਦੀ ਸਰਕਾਰ ਨੇ ਚੀਨ ਨਾਲ ਸੁਲ੍ਹਾ ਸਫ਼ਾਈ ਵੱਲ ਕਦਮ ਚੁੱਕੇ, ਜਿਸ ਨੇ ਅਸਿੱਧੇ ਤੌਰ ’ਤੇ ਉਸ ਖੇਤਰ ਵਿੱਚ ਚੀਨ ਦੇ ਹਮਲੇ ਨੂੰ ਜਾਇਜ਼ ਠਹਿਰਾਇਆ।’’ ਉਨ੍ਹਾਂ ਕਿਹਾ ਕਿ 4 ਜੁਲਾਈ, 2025 ਨੂੰ ਉਪ ਸੈਨਾ ਮੁਖੀ ਲੈਫਟੀਨੈਂਟ ਜਨਰਲ ਰਾਹੁਲ ਸਿੰਘ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨਾਲ ਚੀਨ ਦੀ ‘ਜੁਗਲਬੰਦੀ’ ਬਾਰੇ ਜ਼ੋਰਦਾਰ ਅਤੇ ਸਪੱਸ਼ਟ ਤੌਰ ’ਤੇ ਗੱਲ ਕੀਤੀ। ਰਮੇਸ਼ ਨੇ ਕਿਹਾ, ‘‘ਪਰ ਇਸ ਨਾਪਾਕ ਗੱਠਜੋੜ ਦਾ ਸਖ਼ਤ ਜਵਾਬ ਦੇਣ ਦੀ ਬਜਾਏ, ਮੋਦੀ ਸਰਕਾਰ ਨੇ ਚੁੱਪਚਾਪ ਇਸ ਨੂੰ ਕਿਸਮਤ ਵਜੋਂ ਸਵੀਕਾਰ ਕਰ ਲਿਆ ਅਤੇ ਹੁਣ ਚੀਨ ਨੂੰ ਰਾਜਕੀ ਦੌਰਿਆਂ ਨਾਲ ਇਨਾਮ ਦੇ ਰਹੀ ਹੈ।’’ ਉਨ੍ਹਾਂ ਕਿਹਾ ਕਿ ਚੀਨ ਨੇ ਯਾਰਲੁੰਗ ਸਾਂਗਪੋ ’ਤੇ ਇੱਕ ਵਿਸ਼ਾਲ ਪਣ-ਬਿਜਲੀ ਪ੍ਰੋਜੈਕਟ ਦਾ ਐਲਾਨ ਕੀਤਾ ਹੈ ਜਿਸ ਦਾ ‘ਸਾਡੇ ਉੱਤਰ-ਪੂਰਬੀ ਰਾਜਾਂ ’ਤੇ ਬਹੁਤ ਗੰਭੀਰ ਪ੍ਰਭਾਵ ਪਵੇਗਾ ਪਰ ਮੋਦੀ ਸਰਕਾਰ ਵੱਲੋਂ ਇਸ ਮੁੱਦੇ ’ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਹੈ।’’

ਰਮੇਸ਼ ਨੇ ਦਾਅਵਾ ਕੀਤਾ ਕਿ ਚੀਨ ਤੋਂ ਬੇਕਾਬੂ ਡੰਪਿੰਗ ਦੀ ਦਰਾਮਦ ਜਾਰੀ ਹੈ, ਜਿਸ ਨਾਲ ਸਾਡੀਆਂ MSME ਇਕਾਈਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਡੰਪਿੰਗ ਦਾ ਮਤਲਬ ਹੈ ਕਿ ਇੱਕ ਨਿਰਮਾਤਾ ਕਿਸੇ ਉਤਪਾਦ ਨੂੰ ਆਮ ਕੀਮਤ ਤੋਂ ਘੱਟ ਕੀਮਤ ’ਤੇ ਦੂਜੇ ਦੇਸ਼ ਨੂੰ ਬਰਾਮਦ ਕਰਦਾ ਹੈ, ਜਿਸ ਨਾਲ ਉਸ ਦੇਸ਼ ਨੂੰ ਨੁਕਸਾਨ ਹੁੰਦਾ ਹੈ। ਰਮੇਸ਼ ਨੇ ਕਿਹਾ, ‘‘ਦੂਜੇ ਦੇਸ਼ਾਂ ਵਾਂਗ ਸਖ਼ਤ ਕਦਮ ਚੁੱਕਣ ਦੀ ਬਜਾਏ, ਭਾਰਤ ਨੇ ਚੀਨੀ ਦਰਾਮਦਕਾਰਾਂ ਨੂੰ ਲਗਭਗ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।’’ ਉਨ੍ਹਾਂ ਕਿਹਾ, ‘‘ਕੀ ‘New Normal’ ਚੀਨ ਦੇ ਹਮਲਾਵਰ ਰੁਖ਼ ਤੇ ਸਾਡੀ ਸਰਕਾਰ ਦੀ ਬੁਜ਼ਦਿਲੀ ਦੁਆਰਾ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ?’’

Advertisement
Tags :
#IndiaChinaBorderTensionsChinaAggressionChineseImportsGalwanClashIndiaSecurityJairamrameshLadakhPMModiXiJinpingਸਰਹੱਦੀ ਤਣਾਅਸ਼ੀ ਜਿਨਪਿੰਗਗਲਵਾਨ ਵਾਦੀਚੀਨ ਦਾ ਹਮਲਾਵਰ ਰੁਖ਼ਚੀਨੀ ਦਰਾਮਦਾਂਪੀਐੱਮ ਮੋਦੀਭਾਰਤ-ਚੀਨਲੱਦਾਖ
Show comments