ਟਰੰਪ ਦੇ ਦਾਅਵਿਆਂ ’ਤੇ ਕਾਂਗਰਸ ਦਾ ਸਵਾਲ; ‘ਹਾਉਡੀ ਮੋਦੀ ਦਾ ਕੀ ਕਹਿਣਾ ਹੈ ?’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਅਤੇ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਪਗ ਬੰਦ ਕਰਨ ਦੇ ਦਾਅਵਿਆਂ ਕਾਂਗਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਨਿਸ਼ਾਨਾ ਸਾਧਿਆ। ਵਿਰੋਧੀ ਧਿਰ ਨੇ ਪੁੱਛਿਆ ਕਿ "ਹਾਉਡੀ ਮੋਦੀ ਦਾ ਇਸ ਸਭ ਬਾਰੇ ਕੀ ਕਹਿਣਾ ਹੈ?"
ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਟਰੰਪ ਦੇ ਇਸ ਬਿਆਨ ਨੂੰ ਦੁਹਰਾਉਣ ਦੀ ਗਿਣਤੀ 59 ’ਤੇ ਪਹੁੰਚ ਗਈ ਹੈ ਕਿ ਉਨ੍ਹਾਂ ਨੇ ਵਪਾਰ ਅਤੇ ਟੈਕਸ ਦਾ ਲਾਭ ਉਠਾਉਂਦੇ ਹੋਏ ‘ਅਪਰੇਸ਼ਨ ਸਿੰਧੂਰ’ ਨੂੰ ਰੋਕਿਆ ਸੀ।
ਰਮੇਸ਼ ਨੇ 'ਐਕਸ' (ਪਹਿਲਾਂ ਟਵਿੱਟਰ) ’ਤੇ ਕਿਹਾ, ‘‘ਅੱਜ ਸਵੇਰੇ 'ਟਰੰਪ ਟਰੈਕਰ' 59 'ਤੇ ਪਹੁੰਚ ਗਿਆ ਹੈ। ਉਹ ਦੁਹਰਾਉਂਦੇ ਹਨ: 1. ਉਨ੍ਹਾਂ ਨੇ ਵਪਾਰ ਅਤੇ ਟੈਕਸ ਦਾ ਲਾਭ ਉਠਾ ਕੇ 24 ਘੰਟਿਆਂ ਦੇ ਅੰਦਰ ਅਪਰੇਸ਼ਨ ਸਿੰਧੂਰ ਨੂੰ ਰੋਕ ਦਿੱਤਾ। 2. ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਲਗਪਗ ਬੰਦ ਕਰ ਦਿੱਤਾ ਹੈ। 3. ਉਹ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਦੇ ਹਨ - ਜੋ ਉਨ੍ਹਾਂ ਨੂੰ ਭਾਰਤ ਆਉਣ ਲਈ ਕਹਿੰਦੇ ਹਨ, ਜੋ ਅਗਲੇ ਸਾਲ ਜਲਦੀ ਹੀ ਹੋ ਸਕਦਾ ਹੈ।’’
ਕਾਂਗਰਸ ਨੇਤਾ ਨੇ ਕਿਹਾ, "ਹਾਉਡੀ ਮੋਦੀ ਨੂੰ ਇਸ ਸਭ ਬਾਰੇ ਕੀ ਕਹਿਣਾ ਹੈ?"
ਪ੍ਰੈੱਸ ਸਾਹਮਣੇ ਆਪਣੇ ਬਿਆਨ ਵਿੱਚ ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਮਈ ਵਿੱਚ ਵਪਾਰ ਦੀ ਵਰਤੋਂ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਿਆ ਸੀ। -ਪੀਟੀਆਈ
