ਪਾਕਿ ਦਹਿਸ਼ਤਗਰਦਾਂ ਦਾ ਸਮਰਥਨ ਕਰ ਰਹੀ ਹੈ ਕਾਂਗਰਸ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਭਾਰਤੀ ਫੌਜ ਦੀ ਹਮਾਇਤ ਕਰਨ ਦੀ ਬਜਾਏ ਪਾਕਿਸਤਾਨ ਵੱਲੋਂ ਤਿਆਰ ਕੀਤੇ ਦਹਿਸ਼ਤਗਰਦਾਂ ਦਾ ਸਮਰਥਨ ਕਰਦੀ ਹੈ। ਅਸਾਮ ਦੇ ਦਾਰੰਗ ਜ਼ਿਲ੍ਹੇ ਦੇ ਮੰਗਲਦੋਈ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਂਗਰਸ ’ਤੇ ਘੁਸਪੈਠੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਬਚਾਉਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਘੁਸਪੈਠੀਆਂ ਨੂੰ ਜ਼ਮੀਨ ਹੜੱਪਣ ਅਤੇ ਆਬਾਦੀ ਵਧਾਉਣ ਦੀ ਉਨ੍ਹਾਂ ਦੀ ਸਾਜ਼ਿਸ਼ ਦੀ ਇਜਾਜ਼ਤ ਨਹੀਂ ਦੇਵੇਗੀ।
ਪ੍ਰਧਾਨ ਮੰਤਰੀ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ, ‘‘ਕਾਂਗਰਸ ਭਾਰਤੀ ਫੌਜ ਦਾ ਸਮਰਥਨ ਕਰਨ ਦੀ ਥਾਂ ਪਾਕਿਸਤਾਨ ਵੱਲੋਂ ਤਿਆਰ ਅਤਿਵਾਦੀਆਂ ਦੀ ਹਮਾਇਤ ਵਿਚ ਖੜ੍ਹੀ ਹੈ। ਇਹ ਘੁਸਪੈਠੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਰੱਖਿਆ ਕਰਦੀ ਹੈ।’’
ਸ੍ਰੀ ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਅਸਾਮ ’ਤੇ ਰਾਜ ਕੀਤਾ, ਪਰ ਬ੍ਰਹਮਪੁੱਤਰ ਨਦੀ ’ਤੇ ‘ਸਿਰਫ ਤਿੰਨ ਪੁਲ’ ਬਣਾਏ, ਜਦੋਂਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਛੇ ਅਜਿਹੇ ਢਾਂਚੇ ਬਣਾਏ ਹਨ।
ਉਨ੍ਹਾਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੀ ਇਸ ਗੱਲ ’ਤੇ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ‘ਘੁਸਪੈਠੀਆਂ ਨੂੰ ਕਬਜ਼ੇ ਵਾਲੀ ਜ਼ਮੀਨ ਤੋਂ ਬੇਦਖ਼ਲ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਕਿਸਾਨ ਹੁਣ ਇਨ੍ਹਾਂ ਪਲਾਟਾਂ ’ਤੇ ਖੇਤੀ ਕਰ ਸਕਣ।’
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਵਜੋਂ ਉੱਭਰ ਰਿਹਾ ਹੈ ਪਰ ਦੇਸ਼ ਕੱਚੇ ਤੇਲ ਅਤੇ ਗੈਸ ਲਈ ਦੂਜੇ ਮੁਲਕਾਂ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੱਚੇ ਤੇਲ ਅਤੇ ਗੈਸ ਦੀ ਦਰਾਮਦ ਘਟਾਉਣ ਲਈ ਕਦਮ ਚੁੱਕ ਰਹੀ ਹੈ ਅਤੇ ਜੈਵਿਕ ਬਾਲਣ ਭੰਡਾਰਾਂ ਦੀ ਖੋਜ ਕਰਨ ਅਤੇ ਗਰੀਨ ਊਰਜਾ ਉਤਪਾਦਨ ’ਤੇ ਵੱਧ ਧਿਆਨ ਕੇਂਦਰਿਤ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਅਸਾਮ ਦੀ ਵਿਕਾਸ ਦਰ 13 ਫੀਸਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਡਬਲ-ਇੰਜਣ ਸਰਕਾਰ ਦੇ ਯਤਨਾਂ ਕਾਰਨ ਸੰਭਵ ਹੋਇਆ ਹੈ। ਕੇਂਦਰ ਅਤੇ ਰਾਜ ਸਰਕਾਰ ਅਸਾਮ ਨੂੰ ਇੱਕ ਸਿਹਤ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ। ‘ਵਿਕਸਤ ਭਾਰਤ’ ਦੇ ਸੁਪਨੇ ਨੂੰ ਪ੍ਰਾਪਤ ਕਰਨ ਵਿੱਚ ਉੱਤਰ-ਪੂਰਬ ਦੀ ਵੱਡੀ ਭੂਮਿਕਾ ਹੈ।’’
ਅਸਾਮ ਵਿੱਚ 18,530 ਕਰੋੜ ਰੁਪਏ ਦੇ ਪ੍ਰਾਜੈਕਟ ਲਾਂਚ
ਗੁਹਾਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਦੇ ਦਾਰੰਗ ਅਤੇ ਗੋਲਾਘਾਟ ਜ਼ਿਲ੍ਹਿਆਂ ਵਿੱਚ 18,530 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਮੋਦੀ ਨੇ ਦਰੰਗ ਜ਼ਿਲ੍ਹੇ ਦੇ ਮੰਗਲਦੋਈ ਵਿੱਚ 6,300 ਕਰੋੜ ਰੁਪਏ ਦੇ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਤਿੰਨ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਦਾਰੰਗ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਾਲ-ਨਾਲ ਇੱਕ ਨਰਸਿੰਗ ਕਾਲਜ ਤੇ ਇੱਕ ਜੀ ਐੱਨ ਐੱਮ ਸਕੂਲ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ। ਬਾਅਦ ਵਿੱਚ ਉਨ੍ਹਾਂ ਨੇ ਗੋਲਾਘਾਟ ਜ਼ਿਲ੍ਹੇ ਦੇ ਨੁਮਾਲੀਗੜ੍ਹ ਰਿਫਾਇਨਰੀ ਵਿੱਚ ਉਸਾਰੇ 5,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਬਾਂਸ ਅਧਾਰਿਤ ਈਥਾਨੌਲ ਪਲਾਂਟ ਅਤੇ 7,230 ਕਰੋੜ ਰੁਪਏ ਦੀ ਲਾਗਤ ਵਾਲੀ ‘ਪੈਟਰੋ ਫਲੂਇਡਾਈਜ਼ਡ ਕੈਟਾਲਿਟਿਕ ਕਰੈਕਰ’ ਯੂਨਿਟ ਦਾ ਉਦਘਾਟਨ ਵੀ ਕੀਤਾ। -ਪੀਟੀਆਈ
ਮੋਦੀ ਵੱਲੋਂ ਆਰਮਡ ਫੋਰਸਿਜ਼ ਕਾਨਫਰੰਸ ਦਾ ਉਦਘਾਟਨ ਅੱਜ
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੱਥੇ ਪੂਰਬੀ ਕਮਾਂਡ ਹੈੱਡਕੁਆਰਟਰ ਵਿੱਚ ਆਰਮਡ ਫੋਰਸਿਜ਼ ਕਮਾਂਡਰਾਂ ਦੀ ਤਿੰਨ ਰੋਜ਼ਾ ਸਾਂਝੀ ਕਾਨਫਰੰਸ ਦਾ ਉਦਘਾਟਨ ਕਰਨਗੇ। ਸੁਧਾਰਾਂ, ਪਰਿਵਰਤਨ ਅਤੇ ਅਪਰੇਸ਼ਨਲ ਤਿਆਰੀਆਂ ’ਤੇ ਕੇਂਦਰਿਤ ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ ‘ਸੁਧਾਰਾਂ ਦਾ ਸਾਲ - ਭਵਿੱਖ ਲਈ ਪਰਿਵਰਤਨ’ ਹੈ। ਇੱਕ ਅਧਿਕਾਰੀ ਨੇ ਕਿਹਾ, ‘‘ਕਾਨਫਰੰਸ ਦਾ ਮੁੱਖ ਉਦੇਸ਼ ਸੰਸਥਾਗਤ ਸੁਧਾਰਾਂ, ਮਜ਼ਬੂਤ ਏਕੀਕਰਨ ਅਤੇ ਤਕਨੀਕੀ ਆਧੁਨਿਕੀਕਰਨ ਪ੍ਰਤੀ ਹਥਿਆਰਬੰਦ ਬਲਾਂ ਦੀ ਵਚਨਬੱਧਤਾ ਨੂੰ ਦਰਸਾਉਣਾ ਅਤੇ ਉੱਚ ਪੱਧਰੀ ਬਹੁ-ਖੇਤਰੀ ਅਪਰੇਸ਼ਨਲ ਤਿਆਰੀ ਨੂੰ ਬਰਕਰਾਰ ਰੱਖਣਾ ਹੈ।’’ ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਨੂੰ ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਪਹੁੰਚ ਗਏ ਹਨ। -ਪੀਟੀਆਈ