ਭਾਰਤੀ ਫੌਜ ਦੀ ਥਾਂ ਪਾਕਿ ਵੱਲੋਂ ਤਿਆਰ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹੀ ਹੈ ਕਾਂਗਰਸ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਭਾਰਤੀ ਫੌਜ ਦੀ ਹਮਾਇਤ ਕਰਨ ਦੀ ਬਜਾਏ ਪਾਕਿਸਤਾਨ ਵੱਲੋਂ ਤਿਆਰ ਕੀਤੇ ਗਏ ਦਹਿਸ਼ਤਗਰਦਾਂ ਦੀ ਪਿੱਠ ’ਤੇ ਖੜ੍ਹੀ ਹੈ। ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਮੰਗਲਦੋਈ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਵੱਡੀ ਪੁਰਾਣੀ ਪਾਰਟੀ ’ਤੇ ਘੁਸਪੈਠੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਘੁਸਪੈਠੀਆਂ ਨੂੰ ਜ਼ਮੀਨ ਹੜੱਪਣ ਅਤੇ ਜਨਸੰਖਿਆ ਨੂੰ ਬਦਲਣ ਦੀ ਉਨ੍ਹਾਂ ਦੀ ਸਾਜ਼ਿਸ਼ ਦੀ ਇਜਾਜ਼ਤ ਨਹੀਂ ਦੇਵੇਗੀ।
ਪ੍ਰਧਾਨ ਮੰਤਰੀ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ, ‘‘ਕਾਂਗਰਸ ਭਾਰਤੀ ਫੌਜ ਦਾ ਸਮਰਥਨ ਕਰਨ ਦੀ ਬਜਾਏ, ਪਾਕਿਸਤਾਨ ਵੱਲੋਂ ਤਿਆਰ ਕੀਤੇ ਗਏ ਅਤਿਵਾਦੀਆਂ ਦੀ ਹਮਾਇਤ ਵਿਚ ਖੜ੍ਹੀ ਹੈ। ਇਹ ਘੁਸਪੈਠੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਦੀ ਰੱਖਿਆ ਕਰਦੀ ਹੈ।’’ ਸ੍ਰੀ ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਅਸਾਮ ’ਤੇ ਰਾਜ ਕੀਤਾ, ਪਰ ਬ੍ਰਹਮਪੁੱਤਰ ਨਦੀ ’ਤੇ ‘ਸਿਰਫ ਤਿੰਨ ਪੁਲ’ ਬਣਾਏ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਛੇ ਅਜਿਹੇ ਢਾਂਚੇ ਬਣਾਏ ਹਨ।
ਉਨ੍ਹਾਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਵੀ ਪ੍ਰਸ਼ੰਸਾ ਕੀਤੀ ਕਿ ‘ਘੁਸਪੈਠੀਆਂ ਨੂੰ ਕਬਜ਼ੇ ਵਾਲੀ ਜ਼ਮੀਨ ਤੋਂ ਬੇਦਖਲ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨ ਹੁਣ ਇਨ੍ਹਾਂ ਪਲਾਟਾਂ ’ਤੇ ਖੇਤੀ ਕਰ ਸਕਣ।’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰਿਆਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਾਮ ਦੀ ਵਿਕਾਸ ਦਰ 13 ਫੀਸਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਡਬਲ-ਇੰਜਣ ਸਰਕਾਰ ਦੇ ਯਤਨਾਂ ਕਾਰਨ ਸੰਭਵ ਹੋਇਆ ਹੈ। ਕੇਂਦਰ ਅਤੇ ਰਾਜ ਸਰਕਾਰ ਅਸਾਮ ਨੂੰ ਇੱਕ ਸਿਹਤ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ। ‘ਵਿਕਸਤ ਭਾਰਤ’ ਦੇ ਸੁਪਨੇ ਨੂੰ ਪ੍ਰਾਪਤ ਕਰਨ ਵਿੱਚ ਉੱਤਰ-ਪੂਰਬ ਦੀ ਵੱਡੀ ਭੂਮਿਕਾ ਹੈ।’’