ਕਾਂਗਰਸ ਦੀ ਚੋਣਾਂ ’ਚ ਉਪਰੋਥੱਲੀ ਹਾਰ ਲਈ ‘ਈਵੀਐੱਮ ਜਾਂ ਵੋਟ ਚੋਰੀ’ ਨਹੀਂ ਲੀਡਰਸ਼ਿਪ ਜ਼ਿੰਮੇਵਾਰ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਈਵੀਐੱਮ’ ਜਾਂ ‘ਵੋਟ ਚੋਰੀ’ ਕਰਕੇ ਨਹੀਂ ਬਲਕਿ ਲੀਡਰਸ਼ਿਪ ਦੇ ਮਸਲੇ ਕਰਕੇ ਉਪਰੋਥੱਲੀ ਚੋਣਾਂ ਹਾਰ ਰਹੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਚੋਣ ਸੁਧਾਰਾਂ ਬਾਰੇ ਬਹਿਸ ਦੌਰਾਨ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਸੀ ਜਿਸ ਨੇ ਵੋਟ ਚੋਰੀ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਸੀ।
ਸ਼ਾਹ ਨੇ ਕਿਹਾ, ‘‘ਮੈਂ ਤਹਾਨੂੰ ਦੱਸਾਂਗਾ ਕਿ ਵੋਟ ਚੋਰੀ ਕੀ ਹੈ। 1946 ਵਿੱਚ 28 ਸੂਬਾਈ ਕਾਂਗਰਸ ਕਮੇਟੀਆਂ ਨੇ ਸਰਦਾਰ ਵੱਲਭਭਾਈ ਪਟੇਲ ਨੂੰ ਕਾਂਗਰਸ ਪ੍ਰਧਾਨ ਅਤੇ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਲਈ ਵੋਟ ਦਿੱਤੀ ਸੀ। ਜਵਾਹਰ ਲਾਲ ਨਹਿਰੂ ਨੂੰ ਸਿਰਫ਼ ਦੋ ਵੋਟਾਂ ਮਿਲੀਆਂ। ਪਰ ਆਜ਼ਾਦ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਬਣਿਆ? ਜਵਾਹਰ ਲਾਲ ਨਹਿਰੂ।’’
ਸ਼ਾਹ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਮਸ਼ਹੂਰ ਫੈਸਲੇ ’ਤੇ ਵੀ ਸਵਾਲ ਉਠਾਇਆ ਜਿਸ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਾਏਬਰੇਲੀ ਚੋਣ ਨੂੰ ਗੈਰਵਾਜਬ ਸਾਧਨਾਂ ਦੇ ਆਧਾਰ ’ਤੇ ਰੱਦ ਕਰ ਦਿੱਤਾ ਸੀ। ਕੇਂਦਰੀ ਮੰਤਰੀ ਨੇ ਕਿਹਾ, ‘‘ਇਹੀ ਵੱਡੇ ਪੱਧਰ ’ਤੇ ਚੋਰੀ ਸੀ। ਜਦੋਂ ਅਦਾਲਤ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕਰ ਦਿੱਤਾ, ਤਾਂ ਉਨ੍ਹਾਂ (ਇੰਦਰਾ) ਨੇ ਖ਼ੁਦ ਨੂੰ ਅਦਾਲਤੀ ਮਾਮਲਿਆਂ ਤੋਂ ਛੋਟ ਦੇਣ ਲਈ ਸੰਵਿਧਾਨ ਵਿੱਚ ਸੋਧ ਕੀਤੀ। ਉਸ ਨੇ ਬਾਅਦ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜਾਂ ਨੂੰ ਸੁਪਰਸੀਡ ਕਰਕੇ ਚੌਥੇ ਜੱਜ ਨੂੰ ਚੀਫ਼ ਜਸਟਿਸ ਬਣਾਇਆ ਅਤੇ ਸੁਪਰੀਮ ਕੋਰਟ ਵਿੱਚ ਵੀ ਕੇਸ ਜਿੱਤ ਲਿਆ। ਇਸ ਨੂੰ ਵੋਟ ਚੋਰੀ ਕਿਹਾ ਜਾਂਦਾ ਹੈ।’’
ਸ਼ਾਹ ਨੇ ਕਿਹਾ ਕਿ ਦਿੱਲੀ ਦੀ ਇੱਕ ਅਦਾਲਤ ਤੱਕ ਪਹੁੰਚੇ ਤਾਜ਼ਾ ਵਿਵਾਦ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਭਾਰਤ ਦੀ ਨਾਗਰਿਕ ਬਣਨ ਤੋਂ ਪਹਿਲਾਂ ਹੀ ਵੋਟਰ ਬਣ ਗਈ ਸੀ। ਕਾਂਗਰਸ ਦੇ ਸੰਸਦ ਮੈਂਬਰ ਅਤੇ ਆਗੂ ਕੇਸੀ ਵੇਣੂਗੋਪਾਲ ਵੱਲੋਂ ਇਸ ਬਿਆਨ ’ਤੇ ਇਤਰਾਜ਼ ਕਰਨ ਤੋਂ ਬਾਅਦ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਅਦਾਲਤ ਵਿੱਚ ਚੱਲ ਰਹੇ ਵਿਵਾਦ ਦਾ ਸਿਰਫ਼ ਹਵਾਲਾ ਦਿੱਤਾ ਹੈ ਅਤੇ ਸੋਨੀਆ ਗਾਂਧੀ ਵੱਲੋਂ ਇਸ ਮਾਮਲੇ ਵਿੱਚ ਅਦਾਲਤੀ ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਇਸ ਮੁੱਦੇ ’ਤੇ ਵਾਪਸ ਆਉਣਗੇ। ਵੇਣੂਗੋਪਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਆਪਣੀਆਂ ਟਿੱਪਣੀਆਂ ਨਾਲ ਸਦਨ ਨੂੰ ਗੁਮਰਾਹ ਕਰ ਰਹੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਚੋਣਾਂ ਹਾਰਨ ਤੋਂ ਬਾਅਦ ਚੋਣ ਕਮਿਸ਼ਨ ਅਤੇ ਈਵੀਐਮ ਨੂੰ ਦੋਸ਼ੀ ਠਹਿਰਾਉਂਦੀ ਹੈ ਅਤੇ ਇੱਕ ਦਿਨ ਆਪਣੇ ਹੀ ਵਰਕਰ ਇਸ ਤੋਂ ਪੁੱਛਣਗੇ ਕਿ ਇਹ ਉਪਰੋਥੱਲੀ ਚੋਣਾਂ ਕਿਵੇਂ ਹਾਰ ਰਹੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਉਪਰੋਥੱਲੀ ਚੋਣਾਂ ਹਾਰਨ ਦਾ ਕਾਰਨ, ਵੋਟ ਚੋਰੀ ਜਾਂ SIR ਨਹੀਂ। ਕਾਂਗਰਸ ਆਪਣੇ ਲੀਡਰਸ਼ਿਪ ਮੁੱਦਿਆਂ ਕਾਰਨ ਚੋਣਾਂ ਹਾਰ ਰਹੀ ਹੈ।’’
